ਸੱਤਾ 'ਚ ਆਏ ਤਾਂ GDP ਦਾ 6% ਸਿੱਖਿਆ ਉੱਤੇ ਖ਼ਰਚਾਂਗੇ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, "ਮੋਦੀ ਨੂੰ ਤੇਲੰਗਾਨਾ ਤੋਂ ਮਦਦ ਮਿਲਦੀ ਹੈ ਅਤੇ ਰਿਮੋਟ ਕੰਟਰੋਲ ਮੋਦੀ ਦੇ ਹੱਥਾਂ 'ਚ ਹੈ।"

Rahul Gandhi

ਜਹੀਰਾਬਾਦ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਿਰਫ਼ ਉਨ੍ਹਾਂ ਦੀ ਪਾਰਟੀ ਹੀ ਭਾਜਪਾ ਦਾ ਮੁਕਾਬਲਾ ਕਰ ਸਕਦੀ ਹੈ। ਉਨ੍ਹਾਂ ਨੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ.) 'ਤੇ ਅਮਿਤ ਸ਼ਾਹ ਦੀ ਅਗਵਾਈ ਵਾਲੀ ਪਾਰਟੀ ਨਾਲ ਸਮਝੌਤਾ ਕਰਨ ਦਾ ਦੋਸ਼ ਲਗਾਇਆ। ਚੋਣ ਪ੍ਰੋਗਰਾਮ ਦਾ ਐਲਾਨ ਕਰਨ ਤੋਂ ਬਾਅਦ ਪਹਿਲੀ ਵਾਰ ਤੇਲੰਗਾਨਾ ਦੀ ਯਾਤਰਾ 'ਤੇ ਆਏ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਚੀਨ ਰੋਜ਼ਾਨਾ 'ਚ 50 ਹਜ਼ਾਰ ਨੌਕਰੀਆਂ ਪੈਦਾ ਕਰਦਾ ਹੈ, ਜਦਕਿ ਨਰਿੰਦਰ ਮੋਦੀ ਇਸ ਦੌਰਾਨ 27 ਹਜ਼ਾਰ ਨੌਕਰੀਆਂ ਖੋਹ ਲੈਂਦੇ ਹਨ।

ਤੇਲੰਗਾਨਾ ਦੇ ਜਹੀਰਾਬਾਦ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਸਵਾਲ ਕੀਤਾ, "ਮੋਦੀ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਕੀ ਤੁਹਾਡੇ 'ਚੋਂ ਕਿਸੇ ਨੂੰ ਨੌਕਰੀ ਮਿਲੀ?" ਉਨ੍ਹਾਂ ਕਿਹਾ ਕਿ ਮੋਦੀ ਸਰਕਾਰ 'ਚ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲ 'ਚ ਸਭ ਤੋਂ ਉੱਚੀ ਰਹੀ। ਰਾਹੁਲ ਨੇ ਕਿਹਾ ਕਿ ਜੇ ਯੂ.ਪੀ.ਏ. ਸੱਤਾ 'ਚ ਆਈ ਤਾਂ ਉਹ ਜੀਡੀਪੀ ਦਾ 6 ਫ਼ੀਸਦੀ ਸਿੱਖਿਆ, ਨਵੇਂ ਕਾਲਜਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਨਿਰਮਾਣ ਅਤੇ ਵਜ਼ੀਫ਼ੇ ਦੇਣ 'ਤੇ ਖ਼ਰਚੇਗੀ।

ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਟੀ.ਆਰ.ਐਸ. ਅਤੇ ਭਾਜਪਾ ਵਿਚਕਾਰ ਸਮਝੌਤੇ ਦਾ ਦੋਸ਼ ਲਗਾਉਂਦਿਆਂ ਰਾਹੁਲ ਨੇ ਕਿਹਾ ਕਿ ਰਾਓ ਨੇ ਕਦੇ ਵੀ ਭਾਜਪਾ ਗਠਜੋੜ ਸਰਕਾਰ ਦੀ ਨਿਖੇਧੀ ਨਹੀਂ ਕੀਤੀ ਅਤੇ ਉਨ੍ਹਾਂ ਨੇ ਜੀ.ਐਸ.ਟੀ. ਅਤੇ ਨੋਟਬੰਦੀ ਜਿਹੇ ਮੁੱਦਿਆਂ 'ਤੇ ਉਸ ਨੂੰ ਸਮਰਥਨ ਦਿੱਤਾ। ਰਾਹੁਲ ਨੇ ਦੋਸ਼ ਲਗਾਇਆ, "ਮੋਦੀ ਨੂੰ ਤੇਲੰਗਾਨਾ ਤੋਂ ਮਦਦ ਮਿਲਦੀ ਹੈ। ਰਿਮੋਟ ਕੰਟਰੋਲ ਮੋਦੀ ਦੇ ਹੱਥਾਂ 'ਚ ਹੈ। ਜੇ ਤੁਸੀ ਟੀ.ਆਰ.ਐਸ. ਨੂੰ ਵੋਟ ਦਿੰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀ ਨਰਿੰਦਰ ਮੋਦੀ ਅਤੇ ਆਰ.ਐਸ.ਐਸ. ਨੂੰ ਵੋਟ ਦੇ ਰਹੇ ਹੋ।"

ਰਾਹੁਲ ਨੇ ਕਿਹਾ ਕਿ ਸਿਰਫ਼ ਕਾਂਗਰਸ ਹੀ ਨਰਿੰਦਰ ਮੋਦੀ ਅਤੇ ਆਰ.ਐਸ.ਐਸ. ਦਾ ਮੁਕਾਬਲਾ ਕਰ ਸਕਦੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਟੀ.ਆਰ.ਐਸ. ਨਰਿੰਦਰ ਮੋਦੀ ਵਿਰੁੱਧ ਨਹੀਂ ਲੜ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਹਮੇਸ਼ਾ 15-20 ਖ਼ੁਸ਼ਹਾਲ ਲੋਕਾਂ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਨੇ ਪਿਛਲੇ 5 ਸਾਲ 'ਚ ਉਨ੍ਹਾਂ ਦਾ ਸਾਢੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਹੈ।