ਓਵੈਸੀ ਨੇ ਸ਼ਿਵ ਸੈਨਾ ਨੂੰ ਪੁੱਛਿਆ 'ਘੁੰਡ 'ਤੇ ਪਾਬੰਦੀ ਕਦੋਂ ਲਗਾਓਗੇ?'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ - ਓਵੈਸੀ

Owaisi urges EC action on Shiv Sena for seeking burqa ban

ਹੈਦਰਾਬਾਦ : ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਉੱਥੇ ਦੀ ਸਰਕਾਰ ਨੇ ਬੁਰਕਾ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਸ਼ਿਵ ਸੈਨਾ ਨੇ ਵੀ ਭਾਰਤ 'ਚ ਬੁਰਕੇ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਸ਼ਿਵ ਸੈਨਾ ਦੀ ਇਸ  ਮੰਗ 'ਤੇ ਆਲ ਇੰਡੀਆ ਮਸਜਿਲ-ਏ-ਇਤੇਹਾਦੁਲ ਮੁਸਲਮਾਨ (ਏ.ਆਈ.ਐਮ.ਆਈ.ਐਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਕਿਹਾ ਕਿ ਔਰਤਾਂ ਕੋਈ ਵੀ ਕਪੜਾ ਪਹਿਨ ਸਕਦੀਆਂ ਹਨ, ਬੁਰਕਾ ਕਿਉਂ ਨਹੀਂ?

ਓਵੈਸੀ ਨੇ ਕਿਹਾ ਕਿ ਸ਼ਿਵ ਸੈਨਾ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਸ਼ਿਵ ਸੈਨਾ ਨੇ ਦੇਸ਼ 'ਚ ਮੁਸਲਮਾਨਾਂ ਵਿਰੁੱਧ ਨਫ਼ਰਤ ਫ਼ੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੁਸਲਿਮ ਔਰਤਾਂ ਦੀ ਪਸੰਦ ਹੈ ਬੁਰਕਾ। ਓਵੈਸੀ ਨੇ ਸ਼ਿਵ ਸੈਨਾ ਤੋਂ ਸਵਾਲ ਪੁੱਛਿਆ, 'ਕੀ ਹਿੰਦੂ ਔਰਤਾਂ ਦੇ ਘੁੰਡ 'ਤੇ ਵੀ ਰੋਕ ਲਗਾਓਗੇ?'

ਓਵੈਸੀ ਨੇ ਕਿਹਾ ਕਿ ਸ਼ਿਵ ਸੈਨਾ ਦਾ 'ਸਾਮਨਾ' ਅਖ਼ਬਾਰ ਹਮੇਸ਼ਾ ਤੋਂ ਪੋਪਟ ਮਾਸਟਰ ਰਿਹਾ ਹੈ। ਉਹ ਪਹਿਲਾਂ ਲਿਖਦਾ ਸੀ ਕਿ ਨਰਿੰਦਰ ਮੋਦੀ ਨੂੰ ਹਰਾਉਣ ਲਈ ਵੱਖ ਤੋਂ ਚੋਣਾਂ ਲੜਨਗੇ ਪਰ ਉਨ੍ਹਾਂ ਦੀ ਪਾਰਟੀ ਹੁਣ ਨਾਲ ਚੋਣ ਲੜ ਰਹੀ ਹੈ। ਓਵੈਸੀ ਨੇ ਕਿਹਾ ਕਿ ਸ਼ਿਵ ਸੈਨਾ ਨੂੰ ਪਹਿਲਾਂ ਸੁਪਰੀਮ ਕੋਰਟ ਦਾ ਫ਼ੈਸਲਾ ਪੜ੍ਹਨਾ ਚਾਹੀਦਾ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਹਰ ਕਿਸੇ ਦਾ ਮੌਲਿਕ ਅਧਿਕਾਰ ਹੈ। ਹਿੰਦੁਤਵ ਸਾਰਿਆਂ 'ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਕੱਲ ਨੂੰ ਕਹੋਗੇ ਕਿ ਤੁਹਾਡੀ ਦਾੜ੍ਹੀ ਠੀਕ ਨਹੀਂ ਹੈ, ਟੋਪੀ ਨਾ ਪਾਓ।

ਓਵੈਸੀ ਨੇ ਕਿਹਾ ਕਿ 'ਸਾਮਨਾ' ਵਿਚ ਜੋ ਲਿਖਿਆ ਗਿਆ ਹੈ ਉਹ ਚੋਣ ਜ਼ਾਬਤੇ ਦੀ ਉਲੰਘਣਾ ਹੈ ਅਤੇ ਚੋਣ ਕਮਿਸ਼ਨ ਨੂੰ ਇਸ 'ਤੇ ਨੋਟਿਸ ਲੈਣਾ ਚਾਹੀਦਾ। ਇਹ ਪੇਡ ਨਿਊਜ਼ ਦਾ ਇਕ ਨਵਾਂ ਉਦਾਹਰਣ ਹੈ।