ਕਠੂਆ ਮਾਮਲਾ : ਪਠਾਨਕੋਟ ਵਿਚ ਸੁਣਵਾਈ ਸ਼ੁਰੂ, ਸੱਤ ਮੁਲਜ਼ਮ ਅਦਾਲਤ ਵਿਚ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਠੂਆ ਵਿਚ ਅੱਠ ਸਾਲ ਦੀ ਬੱਚੀ ਦੇ ਬਲਾਤਕਾਰ ਅਤੇ ਹਤਿਆ ਦੇ ਮਾਮਲੇ ਦੀ ਸੁਣਵਾਈ ਸਥਾਨਕ ਅਦਾਲਤ ਵਿਚ ਸ਼ੁਰੂ ਹੋ ਗਈ ਅਤੇ ਅੱਠ ਵਿਚੋਂ ਸੱਤ ਮੁਲਜ਼ਮਾਂ ਨੂੰ ਜ਼ਿਲ੍ਹਾ...

Police escorting accused to the court.

ਨਵੀਂ ਦਿੱਲੀ : ਕਠੂਆ ਵਿਚ ਅੱਠ ਸਾਲ ਦੀ ਬੱਚੀ ਦੇ ਬਲਾਤਕਾਰ ਅਤੇ ਹਤਿਆ ਦੇ ਮਾਮਲੇ ਦੀ ਸੁਣਵਾਈ ਸਥਾਨਕ ਅਦਾਲਤ ਵਿਚ ਸ਼ੁਰੂ ਹੋ ਗਈ ਅਤੇ ਅੱਠ ਵਿਚੋਂ ਸੱਤ ਮੁਲਜ਼ਮਾਂ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਸੁਪਰੀਮ ਕੋਰਟ ਨੇ ਪੀੜਤਾ ਦੇ ਪਰਵਾਰ ਦੀ ਬੇਨਤੀ 'ਤੇ ਇਸ ਮਾਮਲੇ ਨੂੰ ਸੁਣਵਾਈ ਲਈ ਕਠੂਆ ਤੋਂ ਪਠਾਨਕੋਟ ਤਬਦੀਲ ਕੀਤਾ ਹੈ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ, ਅਦਾਲਤ ਨੇ ਦੋਸ਼ਪੱਤਰ, ਬਿਆਨ ਅਤੇ ਮਾਮਲੇ ਦੀਆਂ ਕੇਸ ਡਾਇਰੀਆਂ ਦੀਆਂ ਉਰਦੂ ਤੋਂ ਅੰਗਰੇਜ਼ੀ ਵਿਚ ਅਨੁਵਾਦਤ ਕਾਪੀਆਂ ਚਾਰ ਜੂਨ ਨੂੰ ਬਚਾਅ ਧਿਰ ਦੇ ਵਕੀਲਾਂ ਸਮੇਤ ਹੋਰਾਂ ਨੂੰ ਦੇਣ ਨੂੰ ਕਿਹਾ ਹੈ।

ਚਾਰ ਮੰਜ਼ਲਾ ਅਦਾਲਤੀ ਇਮਾਰਤ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਬਚਾਅ ਧਿਰ ਵਲੋਂ 31 ਵਕੀਲ ਜਦਕਿ ਮੁਦਈ ਧਿਰ ਵਲੋਂ ਐਸ ਐਸ ਬਸਰਾ ਦੀ ਅਗਵਾਈ ਵਿਚ ਤਿੰਨ ਮੈਂਬਰੀ ਦਲ ਪੇਸ਼ ਹੋਇਆ। ਦਲੀਲਾਂ ਦੇਣ ਵਾਲਿਆਂ ਵਿਚ ਪਰਵਾਰ ਦੀ ਪ੍ਰਤੀਨਿਧਤਾ ਕਰਨ ਵਾਲੀ ਚਾਰ ਮੈਂਬਰੀ ਟੀਮ ਵੀ ਸ਼ਾਮਲ ਸੀ। 
ਜਨਵਰੀ ਵਿਚ ਕਠੂਆ ਵਿਚ ਅੱਠ ਸਾਲਾ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਹਤਿਆ ਕਰ ਦਿਤੀ ਗਈ।

ਮਾਮਲੇ ਵਿਚ ਅੱਠ ਮੁਲਜ਼ਮ ਹਨ ਤੇ ਅੱਠਵਾਂ ਨਾਬਾਲਗ਼ ਹੈ। ਮੁੱਖ ਸ਼ਿਕਾਇਤਕਰਤਾ ਬੱਚੀ ਦਾ ਕਰੀਬੀ ਰਿਸ਼ਤੇਦਾਰ ਹੈ ਜੋ ਉਸ ਦਾ ਅਸਲੀ ਪਿਤਾ ਵੀ ਹੈ ਪਰ ਉਸ ਨੇ ਬੱਚੀ ਨੂੰ ਅਪਣੇ ਭਰਾ ਨੂੰ ਗੋਦ ਦੇ ਦਿਤਾ ਸੀ। ਅਪਰਾਧ ਸ਼ਾਖ਼ਾ ਨੇ ਨੌਂ ਅਪ੍ਰੈਲ ਨੂੰ ਕਠੂਆ ਅਦਾਲਤ ਵਿਚ ਦੋਸ਼ਪੱਤਰ ਦਾਖ਼ਲ ਕੀਤਾ ਸੀ। ਬੱਚੀ ਨੂੰ ਅਗ਼ਵਾ ਕਰ ਕੇ ਮੰਦਰ ਵਿਚ ਰਖਿਆ ਗਿਆ ਸੀ ਤੇ ਉਥੇ ਹੀ ਉਸ ਨਾਲ ਬਲਾਤਕਾਰ ਕੀਤਾ ਗਿਆ।      (ਏਜੰਸੀ)