ਭਾਰਤ 'ਚ ਕੋਰੋਨਾ ਵਾਇਰਸ ਦੇ ਇਕ ਦਿਨ 'ਚ ਸੱਭ ਤੋਂ ਵੱਧ 8380 ਮਾਮਲੇ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੌਤਾਂ ਦੀ ਗਿਣਤੀ 193 ਵੱਧ ਕੇ 5164 ਹੋਈ

File

ਨਵੀਂ ਦਿੱਲੀ- ਦੇਸ਼ ਅੰਦਰ ਐਤਵਾਰ ਨੂੰ ਪਿਛਲੇ 24 ਘੰਟੇ 'ਚ ਕੋਰੋਨਾ ਵਾਇਰਸ ਲਾਗ ਦੇ ਸੱਭ ਤੋਂ ਵੱਧ 8380 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਲਾਗ ਦੇ ਕੁਲ ਮਾਮਲੇ ਵੱਧ ਕੇ 1,82,143 ਹੋ ਗਏ ਹਨ ਜਦਕਿ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5164 ਹੋ ਗਈ ਹੈ। ਭਾਰਤ ਕੋਰੋਨਾ ਵਾਇਰਸ ਲਾਗ ਤੋਂ ਸੱਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਦੇਸ਼ਾਂ ਦੀ ਸੂਚੀ 'ਚ 9ਵੇਂ ਨੰਬਰ 'ਤੇ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਅੰਦਰ 89,995 ਲੋਕ ਅਜੇ ਵੀ ਵਾਇਰਸ ਤੋਂ ਪੀੜਤ ਹਨ।  

ਜਦਕਿ 86,983 ਲੋਕ ਸਿਹਤਮੰਦ ਹੋ ਚੁੱਕੇ ਹਨ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਹੁਣ ਤਕ ਲਗਭਗ 47.75 ਫ਼ੀ ਸਦੀ ਮਰੀਜ਼ ਸਿਹਤਮੰਦ ਹੋਏ ਹਨ।'' ਪਿਛਲੇ 24 ਘੰਟਿਆਂ 'ਚ 4614 ਮਰੀਜ਼ ਠੀਕ ਹੋਏ। ਸਨਿਚਰਵਾਰ ਸਵੇਰ ਤੋਂ ਹੁਣ ਤਕ 193 ਵਿਅਕਤੀਆਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋ ਚੁੱਕੀ ਹੈ ਜਿਸ 'ਚੋਂ ਮਹਾਰਾਸ਼ਟਰ 'ਚ 99, ਗੁਜਰਾਤ 'ਚ 27, ਦਿੱਲੀ 'ਚ 18, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ 9-9 ਵਿਅਕਤੀਆਂ ਦੀ ਮੌਤ ਸ਼ਾਮਲ ਹੈ।

ਪਛਮੀ ਬੰਗਾਲ 'ਚ 7, ਤਾਮਿਲਨਾਡੂ ਅਤੇ ਤੇਲੰਗਾਨਾ 'ਚ ਛੇ-ਛੇ, ਬਿਹਾਰ 'ਚ ਪੰਜ, ਉੱਤਰ ਪ੍ਰਦੇਸ਼ 'ਚ ਤਿੰਨ, ਪੰਜਾਬ 'ਚ ਦੋ ਅਤੇ ਹਰਿਆਣਾ ਤੇ ਕੇਰਲ 'ਚ ਇਕ-ਇਕ ਵਿਅਕਤੀ ਦੀ ਮੌਤ ਸ਼ਾਮਲ ਹੈ। ਇਸ ਕੌਮਾਂਤਰੀ ਮਹਾਮਾਰੀ ਨਾਲ ਦੇਸ਼ ਅੰਦਰ ਕੁਲ 5164 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚੋਂ ਸੱਭ ਤੋਂ ਜ਼ਿਆਦਾ 2197 ਲੋਕਾਂ ਦੀ ਮੌਤ ਮਹਾਰਾਸ਼ਟਰ 'ਚ ਹੋਈ।

ਇਸ ਤੋਂ ਬਾਅਦ ਗੁਜਰਾਤ 'ਚ 1007, ਦਿੱਲੀ 'ਚ 416, ਮੱਧ ਪ੍ਰਦੇਸ਼ 'ਚ 343, ਪਛਮੀ ਬੰਗਾਲ 'ਚ 309, ਉੱਤਰ ਪ੍ਰਦੇਸ਼ 'ਚ 201, ਰਾਜਸਥਾਨ 'ਚ 193, ਤਾਮਿਲਨਾਡੂ 'ਚ 160, ਤੇਲੰਗਾਨਾ 'ਚ 77 ਅਤੇ ਆਂਧਰ ਪ੍ਰਦੇਸ਼ 'ਚ 60 ਲੋਕਾਂ ਦੀ ਮੌਤ ਹੋ ਗਈ। ਕਰਨਾਨਕ 'ਚ ਇਸ ਬਿਮਾਰੀ ਨਾਲ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 48, ਪੰਜਾਬ 'ਚ 44, ਜੰਮੂ-ਕਸ਼ਮੀਰ 'ਚ 28, ਹਰਿਆਣਾ 'ਚ 20, ਬਿਹਾਰ 'ਚ 20, ਕੇਰਲ 'ਚ 9 ਅਤੇ ਉੜੀਸਾ 'ਚ ਸੱਤ ਹੈ।

ਹਿਮਾਚਲ ਪ੍ਰਦੇਸ਼, ਝਾਰਖੰਡ ਅਤੇ ਉੱਤਰਾਖੰਡ 'ਚ ਕੋਰੋਨਾ ਵਾਇਰਸ ਨਾਲ ਪੰਜ-ਪੰਜ ਲੋਕਾਂ ਦੀ ਮੌਤ ਹੋਈ ਹੈ ਜਦਕਿ ਚੰਡੀਗੜ੍ਹ ਅਤੇ ਆਸਾਮ 'ਚ ਹੁਣ ਤਕ ਚਾਰ-ਚਾਰ ਲੋਕਾਂ ਨੇ ਜਾਨ ਗੁਆਈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਅੰਦਰ ਸੱਭ ਤੋਂ ਜ਼ਿਆਦਾ 65,168 ਮਾਮਲੇ ਮਹਾਰਾਸ਼ਟਰ 'ਚ ਹਨ।

ਇਸ ਤੋਂ ਬਾਅਦ ਤਾਮਿਲਨਾਡੂ 'ਚ 21,184, ਦਿੱਲੀ 'ਚ 18,549, ਗੁਜਰਾਤ 'ਚ 16,343, ਰਾਜਸਥਾਨ 'ਚ 8617, ਮੱਧ ਪ੍ਰਦੇਸ਼ 'ਚ 7891 ਅਤੇ ਉੱਤਰ ਪ੍ਰਦੇਸ਼ 'ਚ 7445 ਲੋਕ ਇਸ ਬਿਮਾਰੀ ਤੋਂ ਪੀੜਤ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।