ਜਦੋਂ ਤੋਤੇ ਦੀ ਗਵਾਹੀ 'ਤੇ ਹੋਇਆ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ

File

ਜੈਪੁਰ- ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਿੰਡ ਵਿਚ ਇਕ ਲੜਕੇ ਨੇ ਦੋ ਤੋਤੇ ਰੱਖੇ ਸਨ। ਤਾਲਾਬੰਦੀ ਦੌਰਾਨ ਉਸ ਦੇ ਦੋਵੇਂ ਤੋਤੇ ਉਡ ਕੇ ਭੱਜ ਗਏ। ਜਦੋਂ ਤਾਲਾਬੰਦੀ ਵਿਚ ਕੁੱਝ ਛੋਟ ਮਿਲੀ ਤਾਂ ਲੜਕੇ ਦੇ ਪਰਵਾਰ ਦੇ ਤੋਤੇ ਦੀ ਭਾਲ ਕਰਨੀ ਸ਼ੁਰੂ ਕਰ ਦਿਤੀ।

ਭਾਲ ਕਰਨ ਤੋਂ ਬਾਅਦ ਪਰਵਾਰ ਨੂੰ ਪਤਾ ਲਗਿਆ ਕਿ ਇਕ ਔਰਤ ਕੋਲ ਇਹ ਦੋਵੇਂ ਪਿੰਜਰੇ ਵਿਚ ਕੈਦ ਹਨ। ਜਦੋਂ ਬੱਚੇ ਨੇ ਔਰਤ ਨੂੰ ਤੋਤਾ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿਤਾ। ਇਸ ਤੋਂ ਬਾਅਦ ਬੱਚਾ ਫ਼ਰਿਆਦ ਲੈ ਕੇ ਥਾਣੇ ਗਿਆ। ਜਾਣਕਾਰੀ ਅਨੁਸਾਰ ਬੱਚੇ ਦਾ ਨਾਮ ਕਰਨ ਸੇਨ ਹੈ। ਉਹ ਸਿਰਫ਼ 11 ਸਾਲ ਦਾ ਹੈ।

ਉਹ ਰਾਜਸਮੰਦ ਜ਼ਿਲ੍ਹੇ ਦੇ ਕੁੰਵਰਿਆ ਪਿੰਡ ਦਾ ਵਸਨੀਕ ਹੈ। ਉਸ ਦੇ ਇਕ ਤੋਤੇ ਦਾ ਨਾਮ ਰਾਧਾ ਹੈ ਅਤੇ ਦੂਸਰੇ ਦਾ ਨਾਮ ਕ੍ਰਿਸ਼ਨ ਹੈ। ਇਕ ਦਿਨ ਦੋਵੇਂ ਤੋਤੇ ਤਾਲਾਬੰਦੀ ਦੌਰਾਨ ਘਰੋਂ ਬਾਹਰ ਭੱਜ ਗਏ ਸਨ। ਤਾਲਾਬੰਦੀ ਲੱਗਣ ਕਾਰਨ ਪਰਵਾਰ ਤੋਤੇ ਦਾ ਪਤਾ ਨਹੀਂ ਲਗਾ ਸਕਿਆ। ਜਦੋਂ ਤਾਲਾਬੰਦੀ ਵਿਚ ਢਿੱਲ ਦਿਤੀ ਗਈ ਤਾਂ ਘਰ ਦੇ ਜੀਆਂ ਨੇ ਦੋਵੇਂ ਤੋਤਿਆਂ ਦੀ ਭਾਲ ਸ਼ੁਰੂ ਕਰ ਦਿਤੀ।

ਤੋਤੇ ਇਕ ਔਰਤ ਨੇ ਰੱਖੇ ਹੋਏ ਸਨ। ਜਦੋਂ ਕਰਨ ਦੇ ਪਰਵਾਰ ਵਾਲਿਆਂ ਨੇ ਉਸ ਨੂੰ ਤੋਤਾ ਵਾਪਸ ਕਰਨ ਲਈ ਕਿਹਾ ਤਾਂ ਔਰਤ ਨੇ ਇਨਕਾਰ ਕਰ ਦਿਤਾ। ਇਸ ਤੋਂ ਬਾਅਦ ਕਰਨ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਗਿਆ। ਕਰਨ ਨੇ ਥਾਣੇ ਵਿਚ ਰੋਂਦਿਆਂ ਕਿਹਾ ਕਿ ਇਕ ਆਂਟੀ ਕੋਲ ਉਸ ਦੇ ਦੋ ਪਾਲਤੂ ਤੋਤੇ ਹਨ, ਉਹ ਦੇ ਨਹੀਂ ਰਹੀ ਹੈ।

ਕਿਰਪਾ ਕਰ ਕੇ ਉਨ੍ਹਾਂ ਤੋਂ ਮੇਰੇ ਦੋਵੇਂ ਤੋਤੇ ਵਾਪਸ ਦਿਵਾਉ। ਬੱਚੇ ਦੀ ਗੱਲ ਸੁਣਦਿਆਂ ਐਸਐਚਓ ਨੇ ਦੋਵੇਂ ਤੋਤੇ ਸਣੇ ਔਰਤ ਨੂੰ ਥਾਣੇ ਬੁਲਾਇਆ। ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਤੋਤੇ ਕਿਸ ਦੇ ਹਨ, ਇਹ ਸਾਬਤ ਕਰਨ ਲਈ ਦੋਵੇਂ ਤੋਤਿਆਂ ਨੇ ਗਵਾਹੀ ਦਿਤੀ।

ਥਾਣਾ ਮੁਖੀ ਪੇਸ਼ਾਵਰ ਖ਼ਾਨ ਨੇ ਦਸਿਆ ਕਿ ਜਿਵੇਂ ਹੀ ਕਰਨ ਨੇ ਰਾਧਾ-ਕ੍ਰਿਸ਼ਨ ਦੀ ਅਵਾਜ਼ ਕੀਤੀ, ਦੋਵੇਂ ਤੋਤੇ ਉੱਡ ਕੇ ਉਸ ਦੇ ਮੋਢੇ 'ਤੇ ਬੈਠ ਗਏ। ਅਜਿਹੀ ਸਥਿਤੀ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਦੋਵੇਂ ਤੋਤੇ ਕਰਨ ਦੇ ਹਨ ਅਤੇ ਫਿਰ ਔਰਤ ਨੇ ਉਸ ਨੂੰ ਦੋਵੇਂ ਤੋਤੇ ਵਾਪਸ ਕਰ ਦਿਤੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।