ਆਸਾਮ ਐਨ.ਆਰ.ਸੀ. ਖਰੜੇ 'ਤੇ ਰਾਜ ਸਭਾ 'ਚ ਹੰਗਾਮਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਸਾਮ 'ਚ ਕਲ ਜਾਰੀ ਰਾਸ਼ਟਰੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਦੇ ਦੂਜੇ ਅਤੇ ਆਖ਼ਰੀ ਖਰੜੇ 'ਤੇ ਅੱਜ ਰਾਜ ਸਭਾ 'ਚ ਹੰਗਾਮਾ ਵੇਖਣ ਨੂੰ ਮਿਲਿਆ................

Speaking in Rajya Sabha, BJP national President Amit Shah

ਨਵੀਂ ਦਿੱਲੀ : ਆਸਾਮ 'ਚ ਕਲ ਜਾਰੀ ਰਾਸ਼ਟਰੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਦੇ ਦੂਜੇ ਅਤੇ ਆਖ਼ਰੀ ਖਰੜੇ 'ਤੇ ਅੱਜ ਰਾਜ ਸਭਾ 'ਚ ਹੰਗਾਮਾ ਵੇਖਣ ਨੂੰ ਮਿਲਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਨੇ ਆਸਾਮ ਅੰਦਰ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰਨ ਦੀ ਹਿੰਮਤ ਨਹੀਂ ਵਿਖਾਈ। ਦੂਜੇ ਪਾਸੇ ਵਿਰੋਧੀ ਧਿਰ ਨੇ ਸਰਕਾਰ ਨੂੰ ਧਿਆਨ ਨਾਲ ਕਦਮ ਚੁੱਕਣ ਅਤੇ ਐਨ.ਆਰ.ਸੀ. ਦੇ ਮੁੱਦੇ 'ਤੇ ਸਿਆਸਤ ਨਾ ਖੇਡਣ ਲਈ ਕਿਹਾ।

ਕਾਂਗਰਸ ਨੇ ਸਰਕਾਰ ਨੂੰ ਕਿਹਾ ਕਿ ਉਹ ਇਨਸਾਨੀਅਤ ਵਿਖਾਉਂਦਿਆਂ ਕਿਸੇ ਵੀ ਭਾਰਤੀ ਨੂੰ ਆਸਾਮ ਦੇ ਰਾਸ਼ਟਰੀ ਨਾਗਰਿਕ ਰਜਿਸਟਰ 'ਚੋਂ ਨਾ ਕੱਢੇ। ਜਦਕਿ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਇਸ ਖਰੜੇ ਨੂੰ ਪੂਰੀ ਤਰ੍ਹਾਂ ਵਾਪਸ ਲਿਆ ਜਾਵੇ ਕਿਉਂਕਿ ਕਈ ਭਾਰਤੀਆਂ ਨੂੰ ਇਸ 'ਚ ਸ਼ਾਮਲ ਨਹੀਂ ਕੀਤਾ ਗਿਆ।  ਰਾਜ ਸਭਾ 'ਚ ਐਨ.ਆਰ.ਸੀ. ਮੁੱਦੇ 'ਤੇ ਚਲ ਰਹੀ ਚਰਚਾ ਦੌਰਾਨ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਮੈਂਬਰਾਂ ਨੇ ਕਾਫ਼ੀ ਹੰਗਾਮਾ ਕੀਤਾ ਜਿਸ ਮਗਰੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਉਨ੍ਹਾਂ ਦਾ ਸਾਹਮਣਾ ਕਰਦਿਆਂ ਸਵਾਲ ਕੀਤਾ ਕਿ ਕੀ ਕਾਂਗਰਸ 'ਗ਼ੈਰਕਾਨੂੰਨੀ ਬੰਗਲਾਦੇਸ਼ੀਆਂ' ਨੂੰ ਬਚਾਉਣਾ ਚਾਹੁੰਦੀ ਹੈ?

ਪ੍ਰਸ਼ਨ ਕਾਲ ਨੂੰ ਰੋਕ ਕੇ ਸ਼ੁਰੂ ਕੀਤੀ ਗਈ ਚਰਚਾ 'ਚ ਹਿੱਸਾ ਲੈਂਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਐਨ.ਆਰ.ਸੀ. ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 14 ਅਗੱਸਤ, 1985 ਨੂੰ ਸ਼ੁਰੂ ਕੀਤਾ ਸੀ ਜਦੋਂ ਸੂਬੇ 'ਚ ਸ਼ੁਰੂ ਹੋਈ ਮੁਹਿੰਮ ਕੁੱਝ ਪ੍ਰਦਰਸ਼ਨਕਾਰੀਆਂ ਦੀ ਮੌਤ ਤੋਂ ਬਾਅਦ ਕਾਬੂ ਤੋਂ ਬਾਹਰ ਹੋ ਗਈ ਸੀ। ਉਨ੍ਹਾਂ ਕਿਹਾ ਕਿ ਐਨ.ਆਰ.ਸੀ. ਦਾ ਮੰਤਵ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰਨਾ ਅਤੇ ਭਾਰਤੀਆਂ ਦੀ ਸੂਚੀ ਤਿਆਰ ਕਰਨਾ ਸੀ। ਉਨ੍ਹਾਂ ਕਿਹਾ ਕਿ ਇਹ ਹੁਣ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਚੱਲ ਰਹੀ ਹੈ। 

ਸ਼ਾਹ ਦੀ ਇਕ ਟਿਪਣੀ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੀ ਅਗਵਾਈ 'ਚ ਕਾਫ਼ੀ ਹੰਗਾਮਾ ਕੀਤਾ। ਇਸ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਹਾਜ਼ਰ ਸਨ ਪਰ ਹੰਗਾਮੇ ਕਰ ਕੇ ਉਹ ਜਵਾਬ ਨਹੀਂ ਦੇ ਸਕੇ। ਰਾਜ ਸਭਾ ਸਭਾਪਤੀ ਵੈਂਕਈਆ ਨਾਇਡੂ ਨੇ ਚਰਚਾ ਦੌਰਾਨ ਸ਼ੋਰ 'ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਪਹਿਲੀ ਵਾਰੀ ਪ੍ਰਸ਼ਨ ਕਾਲ ਨੂੰ ਰੱਦ ਕਰ ਕੇ ਚਰਚਾ ਕਰਵਾਈ ਸੀ ਪਰ ਹੰਗਾਮੇ ਕਾਰਨ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ।                (ਪੀਟੀਆਈ)