ਉਨਾਉ ਬਲਾਤਕਾਰ ਮਾਮਲਾ : ਸੁਪਰੀਮ ਕੋਰਟ ਨੇ ਦਿੱਲੀ ਟਰਾਂਸਫ਼ਰ ਕੀਤੇ ਸਾਰੇ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

45 ਦਿਨ 'ਚ ਪੂਰੀ ਕਰਨੀ ਹੋਵੇਗੀ ਸੁਣਵਾਈ

SC transfers Unnao cases to Delhi, orders CBI to complete probe in a week

ਨਵੀਂ ਦਿੱਲੀ : ਉਨਾਉ ਬਲਾਤਕਾਰ ਪੀੜਤਾ ਦੇ ਇਕ ਸ਼ੱਕੀ ਸੜਕ ਹਾਦਸੇ 'ਚ ਜ਼ਖ਼ਮੀ ਹੋਣ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਖ਼ਤ ਰਵਈਆ ਅਪਣਾਉਂਦਿਆਂ ਇਸ ਕੇਸ ਨਾਲ ਸਬੰਧਤ ਸਾਰੇ 5 ਮਾਮਲੇ ਦਿੱਲੀ ਟਰਾਂਸਫ਼ਰ ਕਰ ਦਿੱਤੇ ਹਨ। ਸੁਪਰੀਮ ਕੋਰਟ ਨੇ ਇਸ ਦੇ ਨਾਲ ਹੀ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰਦਿਆਂ 45 ਦਿਨ ਦੀ ਡੈਡਲਾਈਨ ਵੀ ਤੈਅ ਕਰ ਦਿੱਤੀ ਹੈ। ਸੜਕ ਹਾਦਸੇ ਦੀ ਜਾਂਚ ਵੀ ਇਕ ਹਫ਼ਤੇ ਅੰਦਰ ਪੂਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਪੀੜਤ ਪਰਵਾਰ ਨੂੰ 25 ਲੱਖ ਰੁਪਏ ਮੁਆਵਜ਼ਾ :
ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਹੈ ਕਿ ਉਹ ਪੀੜਤਾ ਦੇ ਪਰਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਵੀ ਦੇਵੇ। ਦੇਸ਼ ਦੀ ਉੱਚ ਅਦਾਲਤ ਨੇ ਕਿਹਾ ਕਿ ਜੇ ਜ਼ਖ਼ਮੀ ਪੀੜਤਾ ਦੇ ਪਰਵਾਰ ਵਾਲੇ ਇੱਛਾ ਜ਼ਾਹਰ ਕਰਨ ਤਾਂ ਉਸ ਨੂੰ ਇਲਾਜ ਲਈ ਦਿੱਲੀ ਦੇ ਏਮਜ਼ 'ਚ ਸ਼ਿਫ਼ਟ ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ ਇਸ ਦੇ ਨਾਲ ਹੀ ਪੀੜਤਾ ਅਤੇ ਗਵਾਹਾਂ ਨੂੰ ਸੁਰੱਖਿਆ ਦੇਣ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਸੀਆਰਪੀਐਫ਼ ਪੀੜਤ ਪਰਵਾਰ ਨੂੰ ਸੁਰੱਖਿਆ ਉਪਲੱਬਧ ਕਰਵਾਏਗੀ। ਪੀੜਤਾ ਦੇ ਚਾਚਾ ਨੂੰ ਰਾਏ ਬਰੇਲੀ ਤੋਂ ਤਿਹਾੜ ਜੇਲ ਟਰਾਂਸਫ਼ਰ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਹੈ।

ਦੇਸ਼ 'ਚ ਚੱਲ ਕੀ ਰਿਹਾ ਹੈ? : ਸੁਪਰੀਮ ਕੋਰਟ 
ਸੁਪਰੀਮ ਕੋਰਟ ਨੇ ਸੀਬੀਆਈ ਵਲੋਂ ਪੇਸ਼ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਤੋਂ ਪੁਛਿਆ ਕਿ ਇਸ ਹਾਦਸੇ ਦੀ ਜਾਂਚ ਲਈ ਤੁਹਾਨੂੰ ਕਿੰਨਾ ਸਮਾਂ ਚਾਹੀਦਾ ਹੈ। ਜਦੋਂ ਸੋਲੀਸਿਟਰ ਜਨਰਲ ਨੇ ਇਕ ਮਹੀਨੇ ਦਾ ਸਮਾਂ ਮੰਗਿਆ ਤਾਂ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਇਕ ਮਹੀਨਾ ਨਹੀਂ, 7 ਦਿਨ 'ਚ ਜਾਂਚ ਕੀਤੀ ਜਾਵੇ। ਸੁਪਰੀਮ ਕੋਰਟ ਨੇ ਬਲਾਤਕਾਰ ਮਾਮਲੇ ਨਾਲ ਸਬੰਧਤ ਘਟਨਾਕ੍ਰਮਾਂ 'ਤੇ ਵੀ ਨਾਰਾਜ਼ਗੀ ਪ੍ਰਗਟਾਈ ਅਤੇ ਕਿਹਾ ਕਿ ਇਸ ਦੇਸ਼ 'ਚ ਆਖ਼ਰ ਹੋ ਕੀ ਰਿਹਾ ਹੈ? ਕੁਝ ਵੀ ਕਾਨੂੰਨ ਦੇ ਹਿਸਾਬ ਨਾਲ ਨਹੀਂ ਹੋ ਰਿਹਾ ਹੈ।

ਕੀ ਹੈ ਮਾਮਲਾ :
ਜ਼ਿਕਰਯੋਗ ਹੈ ਕਿ ਪੀੜਤ ਲੜਕੀ ਦਾ ਦੋਸ਼ ਸੀ ਕਿ ਉਸ ਨਾਲ 4 ਜੂਨ 2017 ਨੂੰ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਉਸ ਦੇ ਸਾਥੀਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ। ਪੀੜਤਾ ਵਿਧਾਇਕ ਦੇ ਘਰ ਆਪਣੇ ਇਕ ਰਿਸ਼ਤੇਦਾਰ ਨਾਲ ਨੌਕਰੀ ਮੰਗਣ ਗਈ ਸੀ। ਜਦ ਉਸ ਨੇ ਵਿਰੋਧ ਕੀਤਾ ਤਾਂ ਵਿਧਾਇਕ ਨੇ ਪਰਵਾਰ ਵਾਲਿਆਂ ਨੂੰ ਮਾਰਨ ਦੀ ਧਮਕੀ ਦਿਤੀ। ਜਦ ਉਹ ਥਾਣੇ ਗਈ ਤਾਂ ਐਫਆਈਆਰ ਨਹੀਂ ਲਿਖੀ। ਇਸ ਤੋਂ ਬਾਅਦ ਤਹਿਰੀਰ ਬਦਲ ਦਿਤੀ ਗਈ। ਜਦ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਇਨਸਾਫ਼ ਦਾ ਭਰੋਸਾ ਦਿਵਾਇਆ ਸੀ। ਉਸ ਤੋਂ ਬਾਅਦ ਕੁਲਦੀਪ ਸੇਂਗਰ ਵਿਰੁਧ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਬੀਤੇ ਐਤਵਾਰ ਰਾਏਬਰੇਲੀ 'ਚ ਇਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿਤੀ ਸੀ, ਜਿਸ 'ਚ ਪੀੜਤਾ ਗੰਭੀਰ ਜ਼ਖ਼ਮੀ ਹੋ ਗਈ ਸੀ। ਇਸ ਹਾਦਸੇ 'ਚ ਉਸ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ ਸੀ।