ਉਨਾਉ ਬਲਾਤਕਾਰ ਪੀੜਤਾ ਹਾਦਸਾ : ਸੀਬੀਆਈ ਵਲੋਂ ਵਿਧਾਇਕ ਸੇਂਗਰ ਵਿਰੁਧ ਪਰਚਾ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੇਂਗਰ ਅਤੇ 10 ਹੋਰਾਂ ਵਿਰੁਧ ਹਤਿਆ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ

Unnao rape survivor’s accident, CBI books BJP MLA for murder, conspiracy

ਨਵੀਂ ਦਿੱਲੀ : ਸੀਬੀਆਈ ਨੇ ਉਨਾਉ ਬਲਾਤਕਾਰ ਪੀੜਤਾ ਦੇ ਸੜਕ ਹਾਦਸਾ ਮਾਮਲੇ ਵਿਚ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ 10 ਹੋਰਾਂ ਵਿਰੁਧ ਹਤਿਆ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। ਪਰਚਾ ਦਰਜ ਕਰਨ ਦੇ ਫ਼ੌਰੀ ਬਾਅਦ ਸੀਬੀਆਈ ਦੀ ਲਖਨਊ ਇਕਾਈ ਦੇ ਅਧਿਕਾਰੀਆਂ ਦੀ ਟੀਮ ਯੂਪੀ ਦੇ ਰਾਏਬਰੇਲੀ ਜ਼ਿਲ੍ਹੇ ਦੇ ਗੁਰਬਖ਼ਸ਼ਗੰਜ ਇਲਾਕੇ ਵਿਚ ਪੁੱਜੀ ਜਿਥੇ ਹਾਦਸਾ ਵਾਪਰਿਆ ਸੀ।

ਸੀਬੀਆਈ ਨੇ ਆਮ ਕਵਾਇਦ ਮੁਤਾਬਕ ਦੁਬਾਰਾ ਪਰਚਾ ਦਰਜ ਕਰਦਿਆਂ ਯੂਪੀ ਪੁਲਿਸ ਤੋਂ ਹਾਦਸਾ ਮਾਮਲੇ ਦੀ ਜਾਂਚ ਅਪਣੇ ਹੱਥ ਵਿਚ ਲੈ ਲਈ ਹੈ। ਸੱਭ ਤੋਂ ਪਹਿਲਾਂ ਪੀੜਤਾ ਦੇ ਚਾਚਾ ਮਹੇਸ਼ ਸਿੰਘ ਦੀ ਸ਼ਿਕਾਇਤ 'ਤੇ ਪਰਚਾ ਦਰਜ ਕੀਤਾ ਗਿਆ ਸੀ। ਉਹ ਰਾਏਬਰੇਲੀ ਜੇਲ ਵਿਚ ਬੰਦ ਹੈ। ਉਨ੍ਹਾਂ ਦੋਸ਼ ਲਾਇਆ ਸੀ ਕਿ ਬਾਂਗਰਮਊ ਤੋਂ ਵਿਧਾਇਕ ਸੇਂਗਰ ਦੀ ਭਾਜਪਾ ਤੋਂ ਮੁਅੱਤਲੀ ਮਗਰੋਂ ਉਸ ਦੇ ਰਿਸ਼ਤੇਦਾਰ ਪੀੜਤਾ ਦੇ ਪਰਵਾਰ 'ਤੇ ਲਗਾਤਾਰ ਦਬਾਅ ਪਾ ਰਹੇ ਸਨ। ਉਹ ਸੇਂਗਰ ਵਿਰੁਧ ਮਾਮਲਾ ਵਾਪਸ ਨਾ ਲੈਣ ਦੀ ਹਾਲਤ ਵਿਚ ਪੀੜਤਾ ਦੇ ਪੂਰੇ ਪਰਵਾਰ ਦੀ ਹਤਿਆ ਕਰਨ ਦੀਆਂ ਕਥਿਤ ਧਮਕੀਆਂ ਦੇ ਰਹੇ ਸਨ। 

ਪਰਚੇ ਮੁਤਾਬਕ ਉਨ੍ਹਾਂ ਦੋਸ਼ ਲਾਇਆ ਸੀ ਕਿ ਪੀੜਤਾ ਦੇ ਪਰਵਾਰ ਦੀ ਸ਼ਿਕਾਇਤ 'ਤੇ ਸਥਾਨਕ ਪੁਲਿਸ ਨੇ ਕੋਈ ਧਿਆਨ ਨਹੀਂ ਦਿਤਾ।  ਕੇਂਦਰ ਨੇ ਯੂਪੀ ਸਰਕਾਰ ਦੀ ਸਿਫ਼ਾਰਸ਼ 'ਤੇ ਮੰਗਲਵਾਰ ਨੂੰ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿਤੀ ਸੀ। ਪੀੜਤਾ ਨੂੰ ਸੁਰੱਖਿਆ ਦੇਣ ਵਿਚ ਨਾਕਾਮ ਰਹਿਣ 'ਤੇ ਰਾਜ ਸਰਕਾਰ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਸੇਂਗਰ ਵਿਰੁਧ ਦੋਸ਼ ਹੈ ਕਿ ਉਸ ਨੇ 19 ਸਾਲਾ ਕੁੜੀ ਨਾਲ 2017 ਵਿਚ ਬਲਾਤਕਾਰ ਕੀਤਾ ਸੀ। ਉਸ ਸਮੇਂ ਉਹ ਨਾਬਾਲਗ਼ ਸੀ।

ਉਨਾਉ ਦੀ ਪੀੜਤ ਲਈ ਇਨਸਾਫ਼ ਦੀ ਲੜਾਈ ਅਸੀਂ ਡਟ ਕੇ ਲੜਾਂਗੇ : ਪ੍ਰਿਯੰਕਾ
ਉਨਾਉ ਬਲਾਤਕਾਰ ਮਾਮਲੇ ਦੀ ਪੀੜਤਾ ਦੇ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਪਿੱਠਭੂਮੀ ਵਿਚ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਇਸ ਘਟਨਾਕ੍ਰਮ ਵਿਚ ਹੁਣ ਪਰਤਾਂ ਖੁਲ੍ਹ ਰਹੀਆਂ ਹਨ ਅਤੇ ਉਨ੍ਹਾਂ ਦੀ ਪਾਰਟੀ ਇਸ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਮਜ਼ਬੂਤੀ ਨਾਲ ਲੜੇਗੀ।ਪ੍ਰਿਯੰਕਾ ਨੇ ਟਵਿਟਰ 'ਤੇ ਦਾਅਵਾ ਕੀਤਾ, 'ਉਨਾਉ ਬਲਾਤਕਾਰ ਮਾਮਲਾ ਅਤੇ ਪੀੜਤਾ ਦੇ ਪੂਰੇ ਪਰਵਾਰ ਨੂੰ ਤੰਗ ਕਰਨਾ ਸੱਤਾ ਦੀ ਸਰਪ੍ਰਸਤੀ ਬਿਨਾਂ ਸੰਭਵ ਨਹੀਂ। ਹੁਣ ਪਰਤਾਂ ਖੁਲ੍ਹ ਰਹੀਆਂ ਹਨ ਅਤੇ ਭਾਜਪਾ ਆਗੂਆਂ ਦੇ ਨਾਮ ਅਤੇ ਪੁਲਿਸ ਦੀ ਢਿੱਲਮੱਠ ਸਾਹਮਣੇ ਆ ਰਹੀ ਹੈ।' ਉਨ੍ਹਾਂ ਕਿਹਾ, 'ਕਾਂਗਰਸ ਇਨਸਾਫ਼ ਲਈ ਪ੍ਰਤੀਬੱਧ ਹੈ। ਇਹ ਲੜਾਈ ਅਸੀਂ ਮਜ਼ਬੂਤੀ ਨਾਲ ਲੜਾਂਗੇ।' ਜ਼ਿਕਰਯੋਗ ਹੈ ਕਿ ਪੀੜਤਾ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਈ ਅਤੇ ਉਸ ਦੀ ਮਾਸੀ, ਚਾਚੀ ਅਤੇ ਡਰਾਈਵਰ ਦੀ ਮੌਤ ਹੋ ਗਈ। ਉਸ ਦੇ ਵਕੀਲ ਦੀ ਵੀ ਹਾਲਤ ਗੰਭੀਰ ਹੈ। ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਮਾਮਲੇ ਦਾ ਮੁੱਖ ਮੁਲਜ਼ਮ ਹੈ। (ਏਜੰਸੀ)