ਜੰਮੂ-ਕਸ਼ਮੀਰ 'ਚ ਭਾਜਪਾ ਵਰਕਰ ਦਾ ਦੋਸ਼, ਪਾਰਟੀ 'ਚ ਹੁੰਦੈ ਔਰਤਾਂ ਦਾ ਸ਼ੋਸਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਵਿਚ ਭਾਜਪਾ ਦੀ ਇਕ ਮੈਂਬਰ ਨੇ ਦੋਸ਼ ਲਗਾਇਆ ਹੈ ਕਿ ਪਾਰਟੀ ਦੀ ਸੂਬਾ ਇਕਾਈ ਵਿਚ ਪੁਰਸ਼ ਨੇਤਾਵਾਂ ਵਲੋਂ ਔਰਤਾਂ ਦਾ ਸ਼ੋਸਣ ਕੀਤਾ ਜਾਂਦਾ ਹੈ ਅਤੇ ਪਾਰਟੀ ...

BJP Woman Leader Priya Jaral

ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਭਾਜਪਾ ਦੀ ਇਕ ਮੈਂਬਰ ਨੇ ਦੋਸ਼ ਲਗਾਇਆ ਹੈ ਕਿ ਪਾਰਟੀ ਦੀ ਸੂਬਾ ਇਕਾਈ ਵਿਚ ਪੁਰਸ਼ ਨੇਤਾਵਾਂ ਵਲੋਂ ਔਰਤਾਂ ਦਾ ਸ਼ੋਸਣ ਕੀਤਾ ਜਾਂਦਾ ਹੈ ਅਤੇ ਪਾਰਟੀ ਦੇ ਅੰਦਰ ਉਨ੍ਹਾਂ ਨੁੰ ਖ਼ੁਦ ਬੇਇੱਜ਼ਤੀ ਝੱਲਣੀ ਪਈ ਹੈ। ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਹ ਘਟਨਾ ਵੀਰਵਾਰ ਸ਼ਾਮ ਦੀ ਹੈ, ਜਦੋਂ ਜੰਮੂ ਦੇ ਕਨਵੈਨਸ਼ਨ ਸੈਂਟਰ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸ਼ਰਧਾਂਜਲੀ ਸਭਾ ਦੇ ਕੁੱਝ ਦੇਰ ਬਾਅਦ ਹੀ ਭਾਜਪਾ ਦੀ ਮੈਂਬਰ ਪ੍ਰਿਯਾ ਜਰਾਲ ਨੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੂੰ 'ਮਾਤਾ ਸ਼ਕਤੀ' ਦੀ ਰੱਖਿਆ ਕਰਨ ਦੀ ਗੁਹਾਰ ਲਗਾਈ। 

ਪ੍ਰਿਯਾ ਨੇ ਕਿਹਾ ਕਿ ਤੁਸੀਂ (ਰਵਿੰਦਰ) ਸਾਨੂੰ ਮਾਤਾ ਸ਼ਕਤੀ ਕਹਿੰਦੇ ਹੋ, ਝਾਂਸੀ ਦੀ ਰਾਣੀ ਕਹਿੰਦੇ ਹੋ, ਇਸ 'ਤੇ ਰੈਨਾ ਨੇ ਕਿਹਾ ਕਿ ਇਸ ਤਰ੍ਹਾਂ ਗੱਲ ਕਰਨਾ ਚੰਗਾ ਨਹੀਂ ਲਗਦਾ, ਬਾਅਦ ਵਿਚ ਗੱਲ ਕਰਾਂਗੇ ਪਰ ਪ੍ਰਿਯਾ ਅਪਣੀ ਗੱਲ 'ਤੇ  ਅੜੀ ਰਹੀ ਅਤੇ ਕਿਹਾ ਕਿ ਉਹ ਇਸ ਮੁੱਦੇ 'ਤੇ ਬੋਲ ਕੇ ਥੱਕ ਚੁੱਕੀ ਹੈ। ਅਖ਼ਬਾਰ ਦੀ ਖ਼ਬਰ ਦੇ ਅਨੁਸਾਰ ਨੇੜੇ ਖੜ੍ਹੇ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਨੇ ਵੀ ਪ੍ਰਿਯਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਰਵਿੰਦਰ ਰੈਨਾ ਨਾਲ ਗੱਲ ਕਰਨ 'ਤੇ ਜ਼ੋਰ ਦਿਤਾ। 

ਇਸ ਤੋਂ ਬਾਅਦ ਜਦੋਂ ਰੈਨਾ ਹੋਰ ਨੇਤਾਵਾਂ ਦੇ ਨਾਲ ਉਥੋਂ ਜਾਣ ਲੱਗੇ ਤਾਂ ਪ੍ਰਿਯਾ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰ ਪਈ ਅਤੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਮਹਿਲਾ ਸ਼ੋਸਣ ਦੇ ਵਿਰੁਧ ਬੋਲਦੇ ਸਨ, ਔਰਤਾਂ ਲਈ ਆਵਾਜ਼ ਉਠਾਉਂਦੇ ਸਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪਾਰਟੀ ਵਿਚ ਔਰਤਾਂ ਦਾ ਕੋਈ ਸਨਮਾਨ ਨਹੀਂ ਹੈ ਅਤੇ ਪਾਰਟੀ ਦੇ ਪੁਰਸ਼ ਨੇਤਾ ਨਹੀਂ ਜਾਣਦੇ ਕਿ ਔਰਤਾਂ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਂਦਾ ਹੈ। 

ਜਦੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਉਹ ਬਹੁਤ ਗੰਭੀਰ ਦੋਸ਼ ਲਗਾ ਰਹੀ ਹੈ ਤਾਂ ਉਨ੍ਹਾਂ ਜਵਾਬ ਦਿਤਾ ਕਿ ਇੱਥੇ ਅਜਿਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਚੁੱਪ ਰਹਿਣ ਵਾਲਿਆਂ ਵਿਚੋਂ ਨਹੀਂ ਹਾਂ, ਮੈਂ ਇਸ ਦੇ ਵਿਰੁਧ ਆਵਾਜ਼ ਉਠਾਉਂਦੀ ਰਹਾਂਗੀ। ਇਸ ਤੋਂ ਇਲਾਵਾ ਪ੍ਰਿਯਾ ਨੇ ਦੋਸ਼ ਲਗਾਇਆ ਕਿ ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਪਾਰਟੀ ਦੇ ਸੀਨੀਅਰ ਪੱਧਰ 'ਤੇ ਕੋਈ ਸੈਟਿੰਗ ਹੈ ਤਾਂ ਹੀ ਉਨ੍ਹਾਂ ਨੂੰ ਪ੍ਰਮੋਸ਼ਨ ਮਿਲੇਗਾ ਪਰ ਪ੍ਰਿਯਾ ਨੇ ਉਨ੍ਹਾਂ ਦੀ ਗੱਲ ਨੂੰ ਤਵੱਜੋ ਨਹੀਂ ਦਿਤੀ। 

ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ ਇਸ ਸਬੰਧੀ ਰਵਿੰਦਰ ਰੈਨਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਈ ਕੋਸ਼ਿਸ਼ਾਂ ਤੋਂ ਬਾਅਦ ਰਵਿੰਦਰ ਰੈਨਾ ਨਾਲ ਸੰਪਰਕ ਨਹੀਂ ਹੋ ਸਕਿਆ। ਉਥੇ ਹੀ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਸ਼ੁਕਰਵਾਰ ਨੂੰ ਰੋਸ ਪ੍ਰਦਰਸ਼ਨ ਕੀਤਾ ਅਤੇ ਇਨ੍ਹਾਂ ਦੋਸ਼ਾਂ ਦੀ ਰਾਜ ਸਰਕਾਰ ਵਲੋਂ ਉਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।