ਧੋਨੀ ਦੀ ਯਾਤਰਾ 'ਤੇ ਕੋਈ ਪੈਸਾ ਖ਼ਰਚ ਨਹੀਂ ਕੀਤਾ : ਜੈਰਾਮ ਠਾਕੁਰ
ਹਿਮਾਚਲ ਪ੍ਰਦੇਸ਼ 'ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ 'ਸਟੇਟ ਗੈਸਟ' ਬਣਾਏ ਜਾਣ ਦੇ ਮੁੱਦੇ 'ਤੇ ਗਰਮੋ-ਗਰਮੀ ਜਾਰੀ ਹੈ............
ਸ਼ਿਮਲਾ : ਹਿਮਾਚਲ ਪ੍ਰਦੇਸ਼ 'ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ 'ਸਟੇਟ ਗੈਸਟ' ਬਣਾਏ ਜਾਣ ਦੇ ਮੁੱਦੇ 'ਤੇ ਗਰਮੋ-ਗਰਮੀ ਜਾਰੀ ਹੈ। ਵਿਰੋਧੀ ਧਿਰ ਦੇ ਦੋਸ਼ਾਂ 'ਚ ਘਿਰੀ ਭਾਜਪਾ ਸਰਕਾਰ ਨੇ ਹੁਣ ਇਸ ਮਾਮਲੇ 'ਚ ਸਫ਼ਾਈ ਦਿਤੀ ਹੈ। ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ 'ਸਟੇਟ ਗੈਸਟ' ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ ਪਰ ਉਸ ਦੀ ਸਰਕਾਰੀ ਸੁਰਖਿਆ ਤੋਂ ਇਲਾਵਾ ਉਨ੍ਹਾਂ 'ਤੇ ਕੋਈ ਖ਼ਰਚ ਸਰਕਾਰ ਨਹੀਂ ਕਰ ਰਹੀ ਹੈ।
ਵਿਧਾਨ ਸਭਾ 'ਚ ਦੇਹਰਾ ਦੇ ਵਿਧਾਇਕ ਹੁਸ਼ਿਆਰ ਸਿੰਘ ਨੇ ਇਸ ਮੁੱਦੇ 'ਤੇ ਚਰਚਾ ਸ਼ੁਰੂ ਕੀਤੀ। ਚਰਚਾ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਠਾਕੁਰ ਨੇ ਕਿਹਾ ਕਿ ਧੋਨੀ 27 ਤੋਂ 31 ਅਗੱਸਤ ਤਕ ਪੰਜ ਦਿਨਾਂ ਲਈ ਸ਼ਿਮਲਾ 'ਚ ਹੈ ਅਤੇ ਸੂਬਾ ਸਰਕਾਰ ਨੇ ਉਸ ਨੂੰ ਲੋੜੀਂਦੀ ਸੁਰਖਿਆ ਮੁਹਈਆ ਕਰਵਾਈ ਹੈ। ਉਨ੍ਹਾਂ ਕਿਹਾ ਕਿ ਧੋਨੀ ਇਕ ਇਸ਼ਤਿਹਾਰ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਸ਼ਿਮਲਾ 'ਚ ਹੈ। ਠਾਕੁਰ ਨੇ ਕਿਹਾ ਮੈਂ ਇਹ ਸਪੱਸ਼ਟ ਕਰਦਾ ਹਾਂ ਕਿ ਇੱਥੇ ਧੋਨੀ ਦੇ ਠਹਿਰਨ 'ਤੇ ਕੋਈ ਪੈਸਾ ਨਹੀਂ ਖ਼ਰਚ ਕੀਤਾ ਗਿਆ, ਸੂਬਾ ਸਰਕਾਰ ਵਲੋਂ ਉਸ ਨੂੰ ਸਿਰਫ਼ ਸੁਰਖਿਆ ਮੁਹਈਆ ਕਰਵਾਈ ਗਈ ਹੈ ਤੇ ਉਸ ਵਰਗੇ ਮਸ਼ਹੂਰ ਵਿਅਕਤੀ ਲਈ ਇਹ ਜ਼ਰੂਰੀ ਹੈ। (ਏਜੰਸੀ)