ਕ੍ਰਿਕਟ ਨੂੰ ਕੋਹਲੀ ਵਾਂਗ ਧੋਨੀ ਅਤੇ ਦ੍ਰਾਵਿੜ ਦੀ ਵੀ ਜ਼ਰੂਰਤ : ਰਿਚਰਡਸਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਦਾ ਮੰਨਣਾ ਹੈ ਕਿ ਕ੍ਰਿਕਟ ਨੂੰ ਵਿਰਾਟ ਕੋਹਲੀ ਅਤੇ ਬੇਨ ਸਟੋਕਸ ਜਿਹੇ ਮਹਾਨਾਇਕਾਂ ਦੀ ਜ਼ਰੂਰਤ ਹੈ..............

Dave Richardson

ਲੰਡਨ : ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਦਾ ਮੰਨਣਾ ਹੈ ਕਿ ਕ੍ਰਿਕਟ ਨੂੰ ਵਿਰਾਟ ਕੋਹਲੀ ਅਤੇ ਬੇਨ ਸਟੋਕਸ ਜਿਹੇ ਮਹਾਨਾਇਕਾਂ ਦੀ ਜ਼ਰੂਰਤ ਹੈ ਪਰ ਉਸ ਨੂੰ ਮਹਿੰਦਰ ਸਿੰਘ ਧੋਨੀ ਅਤੇ ਰਾਹੁਲ ਦ੍ਰਾਵਿੜ ਦੀ ਵੀ ਜ਼ਰੂਰਤ ਹੈ ਤਾਂ ਜੋ 'ਲਕੀਰ ਦੇ ਸਹੀ ਪਾਸੇ' ਰਿਹਾ ਜਾ ਸਕੇ। ਐੱਮ.ਸੀ.ਸੀ. 2018 ਕਾਊਡਰੇ ਲੈਕਚਰ 'ਚ ਰਿਚਰਡਸਨ ਨੇ ਕੌਮਾਂਤਰੀ ਕ੍ਰਿਕਟ 'ਚ ਵਧ ਰਹੀ ਸਲੇਜਿੰਗ ਅਤੇ ਧੋਖੇਬਾਜ਼ੀ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਖਿਡਾਰੀਆਂ ਅਤੇ ਕੋਚਾਂ ਤੋਂ ਇਸ ਨੂੰ ਰੋਕਣ ਲਈ ਵੱਧ ਕੋਸ਼ਿਸ਼ਾਂ ਕਰਨ ਦੀ ਬੇਨਤੀ ਕੀਤੀ।

ਰਿਚਰਡਸਨ ਨੇ ਲੈਕਚਰ 'ਚ ਕਿਹਾ, ''ਮੈਦਾਨ 'ਤੇ ਕ੍ਰਿਕਟ ਦੇ ਮਹਾਨਾਇਕਾਂ ਦੀ ਜ਼ਰੂਰਤ ਹੈ।  ਕੋਲਿਨ ਮਿਲਬਰਨਸ, ਮਹਿੰਦਰ ਸਿੰਘ ਧੋਨੀ, ਰਾਹੁਲ ਦ੍ਰਾਵਿੜ ਜਿਹੇ ਅਨੁਭਵੀ ਕ੍ਰਿਕਟਰਾਂ ਦੀ ਜ਼ਰੂਰਤ ਹੈ ਤਾਂ ਜੋ ਇਹ ਯਕੀਨੀ ਹੋ ਸਕੇ ਕਿ ਅਸੀਂ ਸਾਰੇ ਲਕੀਰ ਦੇ ਸਹੀ ਪਾਸੇ ਰਹੀਏ।'' ਦੱਖਣੀ ਅਫਰੀਕਾ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਨੇ ਸਵੀਕਾਰ ਕੀਤਾ ਕਿ ਆਈ.ਸੀ.ਸੀ. ਦੇ ਕੋਲ ਅਜੇ ਸਾਰੀਆਂ ਚੁਣੌਤੀਆਂ ਦਾ ਜਵਾਬ ਨਹੀਂ ਹੈ।

ਪਰ ਸਾਰੇ ਮਿਲ ਕੇ ਉਨ੍ਹਾਂ ਤੋਂ ਨਜਿੱਠਣ ਲਈ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, ''ਸਲੇਜਿੰਗ, ਆਊਟ ਹੋਣ ਵਾਲੇ ਬੱਲੇਬਾਜ਼ ਨੂੰ ਫੀਲਡਰਾਂ ਵੱਲੋਂ ਵਿਦਾਈ ਦੇਣਾ, ਗੈਰ ਜ਼ਰੂਰੀ ਸਰੀਰਕ ਸੰਪਰਕ, ਅੰਪਾਇਰ ਦੇ ਫੈਸਲੇ ਵਿਰੁਧ ਖਿਡਾਰੀਆਂ ਦਾ ਨਹੀਂ ਖੇਡਣ ਦੀ ਧਮਕੀ ਦੇਣਾ ਅਤੇ ਗੇਂਦ ਨਾਲ ਛੇੜਛਾੜ ਸਹੀ ਨਹੀਂ ਹੈ। ਇਹ ਉਹ ਖੇਡ ਨਹੀਂ ਹੈ ਜਿਸ ਨੂੰ ਅਸੀਂ ਦੁਨੀਆ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ।''