ਫਿਰ ਸ਼ਰਮਸਾਰ ਹੋਈ ਦਿੱਲੀ! 85 ਸਾਲਾ ਮਹਿਲਾ ਨਾਲ ਬਲਾਤਕਾਰ; ਚਿਹਰੇ ’ਤੇ ਵੀ ਕੀਤੇ ਵਾਰ
ਦਿੱਲੀ ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਭੇਜਿਆ ਨੋਟਿਸ
ਨਵੀਂ ਦਿੱਲੀ: ਦਿੱਲੀ ਦੇ ਸ਼ਕੂਰਪੁਰ ਇਲਾਕੇ ਤੋਂ ਸ਼ੁਕਰਵਾਰ ਸਵੇਰੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸਵੇਰੇ 4 ਵਜੇ ਇਕ ਵਿਅਕਤੀ ਨੇ 85 ਸਾਲਾ ਬਜ਼ੁਰਗ ਔਰਤ ਨਾਲ ਬਲਾਤਕਾਰ ਕੀਤਾ। ਇਸ ਮਾਮਲੇ ਵਿਚ ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇੰਨਾ ਹੀ ਨਹੀਂ, ਵਿਅਕਤੀ ਨੇ ਔਰਤ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਜਿਸ 'ਚ ਉਸ ਨੇ ਔਰਤ ਦਾ ਗਲਾ ਘੁੱਟ ਕੇ ਉਸ ਦੇ ਚਿਹਰੇ ਅਤੇ ਬੁੱਲ੍ਹਾਂ 'ਤੇ ਬਲੇਡ ਨਾਲ ਵਾਰ ਕੀਤਾ।
ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਪੱਤਰ ਲਿਖ ਕੇ ਮਾਮਲੇ ਵਿਚ ਹੋਈ ਬੇਰਹਿਮੀ ਬਾਰੇ ਜਾਣਕਾਰੀ ਦਿਤੀ ਹੈ। ਕਮਿਸ਼ਨ ਦੇ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਅਪਣੇ ਪੱਤਰ ਵਿਚ ਲਿਖਿਆ ਹੈ ਕਿ ਸ਼ੁਕਰਵਾਰ ਤੜਕੇ 4 ਵਜੇ ਇਕ ਵਿਅਕਤੀ ਸ਼ਕੂਰਪੁਰ ਇਲਾਕੇ ਵਿਚ ਇਕ 85 ਸਾਲਾ ਔਰਤ ਦੀ ਝੁੱਗੀ ਵਿਚ ਜ਼ਬਰਦਸਤੀ ਦਾਖਲ ਹੋਇਆ।
ਮੁਲਜ਼ਮ ਨੇ ਔਰਤ ਨਾਲ ਜ਼ਬਰਦਸਤੀ ਕੀਤੀ। ਪਤੀ ਦੀ ਮੌਤ ਤੋਂ ਬਾਅਦ ਔਰਤ ਝੁੱਗੀ 'ਚ ਇਕੱਲੀ ਰਹਿ ਰਹੀ ਸੀ। ਉਸ ਨੇ ਔਰਤ ਦੇ ਮੂੰਹ 'ਤੇ ਮੁੱਕਾ ਵੀ ਮਾਰਿਆ ਅਤੇ ਬਲੇਡ ਨਾਲ ਉਸ ਦੇ ਬੁੱਲ੍ਹ ਕੱਟ ਦਿਤੇ। ਇੰਨਾ ਹੀ ਨਹੀਂ ਦੋਸ਼ੀ ਨੇ ਬਜ਼ੁਰਗ ਔਰਤ ਦਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ।
ਸਵਾਤੀ ਮਾਲੀਵਾਲ ਨੇ ਅਪਣੇ ਪੱਤਰ 'ਚ ਲਿਖਿਆ ਹੈ ਕਿ ਔਰਤ ਦੇ ਪੂਰੇ ਚਿਹਰੇ ਅਤੇ ਗੁਪਤ ਅੰਗ 'ਤੇ ਸੱਟਾਂ ਦੇ ਕਈ ਨਿਸ਼ਾਨ ਹਨ। ਇਸ ਮਾਮਲੇ ਵਿਚ ਕਮਿਸ਼ਨ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ, ਮਾਮਲੇ ਵਿਚ ਚੁੱਕੇ ਗਏ ਕਦਮ, ਐਫ.ਆਈ.ਆਰ. ਦੀ ਕਾਪੀ ਅਤੇ ਹੋਰ ਜਾਣਕਾਰੀ ਮੰਗੀ ਹੈ।