ਗੁਜਰਾਤ ਵਿਚ ਬੱਸ ਹਾਦਸਾ, 21 ਜਣਿਆਂ ਦੀ ਮੌਤ, 50 ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰੀ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਵਿਚ ਲਗਭਗ 70 ਯਾਤਰੀਆਂ ਨੂੰ ਲਿਜਾ ਰਹੀ ਨਿਜੀ ਲਗਜ਼ਰੀ ਬੱਸ ਦੇ ਪਲਟ ਜਾਣ ਕਾਰਨ ਘੱਟੋ ਘੱਟ 21 ਜਣਿਆਂ ਦੀ ਮੌਤ ਹੋ ਗਈ

Gujrat Bus Accident

ਅਹਿਮਦਾਬਾਦ: ਉੱਤਰੀ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਵਿਚ ਲਗਭਗ 70 ਯਾਤਰੀਆਂ ਨੂੰ ਲਿਜਾ ਰਹੀ ਨਿਜੀ ਲਗਜ਼ਰੀ ਬੱਸ ਦੇ ਪਲਟ ਜਾਣ ਕਾਰਨ ਘੱਟੋ ਘੱਟ 21 ਜਣਿਆਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖ਼ਮੀ ਹੋ ਗਏ। ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਬਲਾਸਕਾਂਠਾ ਜ਼ਿਲ੍ਹੇ ਦੇ ਅੰਬਾਜੀ ਸ਼ਹਿਰ ਵਿਚ ਅੰਬਾਜੀ ਦਾਂਤਾ ਮਾਰਗ 'ਤੇ ਪਹਾੜੀ ਰਸਤੇ ਵਿਚ ਤਿਰਸ਼ੂਲੀਆ ਘਾਟ ਵਿਚ ਇਹ ਦਰਦਨਾਕ ਹਾਦਸਾ ਵਾਪਰਿਆ।

ਬਲਾਸਕਾਂਠਾ ਜ਼ਿਲ੍ਹੇ ਦੇ ਐਸਪੀ ਅਜੀਤ ਰਜੀਅਨ ਨੇ ਦਸਿਆ ਕਿ ਨਿਜੀ ਬੱਸ ਵਿਚ ਕਰੀਬ 70 ਯਾਤਰੀ ਸਵਾਰ ਸਨ। ਇਲਾਕੇ ਵਿਚ ਭਾਰੀ ਮੀਂਹ ਕਾਰਨ ਬੱਸ ਚਾਲਕ ਕੰਟਰੋਲ ਗਵਾ ਬੈਠਾ। ਪੁਲਿਸ ਮੁਤਾਬਕ ਲਗਜ਼ਰੀ ਬੱਸ ਅੰਬਾਜੀ ਮੰਦਰ ਤੋਂ ਮੁੜ ਰਹੀ ਸੀ। ਇਸ ਦੌਰਾਨ ਅੰਬਾਜੀ ਦੇ ਤਿਰਸ਼ੂਲੀਆ ਘਾਟ ਦੇ ਰਸਤੇ ਬੱਸ ਅਚਾਨਕ ਖੱਡ ਵਿਚ ਡਿੱਗ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬੱਸ ਵਿਚੋਂ ਕੱਢ ਕੇ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।

ਬੱਸ ਵਿਚ ਸਵਾਰ ਜ਼ਿਆਦਾਤਰ ਲੋਕ ਨਡਿਆਡ, ਆਨੰਦ ਅਤੇ ਬੋਰਸਦ ਦੇ ਰਹਿਣ ਵਾਲੇ ਸਨ। ਪੁਲਿਸ ਨੇ ਦਸਿਆ ਕਿ ਜਿਉਂ ਹੀ ਮੁਕਾਮੀ ਲੋਕਾਂ ਨੂੰ ਹਾਦਸੇ ਬਾਰੇ ਪਤਾ ਲੱਗਾ ਤਾਂ ਉਹ ਤੁਰਤ ਮਦਦ ਲਈ ਪਹੁੰਚ ਗਏ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਇਸ ਲਈ ਰਾਹਤ ਅਤੇ ਬਚਾਅ ਕਾਰਜਾਂ ਵਿਚ ਬਹੁਤ ਮੁਸ਼ਕਲ ਆਈ। ਇਸ ਦੇ ਬਾਵਜੂਦ ਸਥਾਨਕ ਲੋਕਾਂ ਅਤੇ ਪੁਲਿਸ ਨੇ ਮਿਲ ਕੇ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿਚ ਪਹੁੰਚਾਇਆ ਅਤੇ ਲਾਸ਼ਾਂ ਨੂੰ ਬਾਹਰ ਕਢਿਆ।

 


 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬਨਾਸਕਾਂਠਾ ਤੋਂ ਦੁਖਦ ਖ਼ਬਰ ਆਈ ਹੈ। ਇਸ ਹਾਦਸੇ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਉਨ੍ਹਾਂ ਕਿਹਾ, 'ਮੇਰੀਆਂ ਸੰਵੇਦਨਾਵਾਂ ਊਨ੍ਹਾਂ ਸਾਰੇ ਲੋਕਾਂ ਹਨ ਜਿਨ੍ਹਾਂ ਦੇ ਪਿਆਰੇ ਹਾਦਸੇ ਵਿਚ ਮਾਰੇ ਗਏ ਹਨ ਅਤੇ ਜ਼ਖ਼ਮੀ ਹੋਏ ਹਨ। ਸਥਾਨਕ ਪ੍ਰਸ਼ਾਸਨ ਨੂੰ ਤੁਰਤ ਮਦਦ ਪਹੁੰਚਾਣ ਲਈ ਕਿਹਾ ਗਿਆ ਹੈ।'

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।