ਬਕਰੀ ਦੀ ਮੌਤ ਕੰਪਨੀ ਨੂੰ ਪਈ ਮਹਿੰਗੀ, 2.68 ਕਰੋੜ ਰੁਪਏ ਦਾ ਹੋਇਆ ਨੁਕਸਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਲਾ ਆਵਾਜਾਈ ਟਿਪਰ ਦੀ ਲਪੇਟ ਵਿਚ ਆਉਣ ਨਾਲ ਬਕਰੀ ਦੀ ਹੋਈ ਸੀ ਮੌਤ

Company loss of Rs 2.68 crore due to death of a goat

ਭੁਵਨੇਸ਼ਵਰ : ਉੜੀਸਾ ਵਿਚ ਸੜਕ ਹਾਦਸੇ ਵਿਚ ਬਕਰੀ ਦੀ ਮੌਤ ਕਾਰਨ ਹੋਏ ਅੰਦੋਲਨ ਕਰਕੇ ਮਹਾਨਦੀ ਕੋਲਫ਼ੀਲਡਸ ਲਿਮਟਿਡ ਕੰਪਨੀ ਨੂੰ 2.68 ਕਰੋੜ ਰੁਪਏ ਦਾ ਨੁਕਸਾਨ ਝਲਣਾ ਪਿਆ। ਐਮਸੀਐਲ ਨੇ ਬਿਆਨ ਜਾਰੀ ਕਰ ਕੇ ਦਸਿਆ ਕਿ ਕੋਲਾ ਆਵਾਜਾਈ ਟਿਪਰ ਦੀ ਲਪੇਟ ਵਿਚ ਆਉਣ ਨਾਲ ਬਕਰੀ ਦੀ ਮੌਤ ਹੋ ਗਈ ਸੀ।

ਬਕਰੀ ਦੀ ਮੌਤ ਲਈ ਸਥਾਨਕ ਵਾਸੀਆਂ ਨੇ 60 ਹਜ਼ਾਰ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ। ਇਸ ਮੰਗ ਲਈ ਗੁਆਂਢੀ ਪਿੰਡ ਦੇ ਕੁੱਝ ਲੋਕਾਂ ਦੀ ਭੀੜ ਨੇ ਤਾਲਚੇਰ ਕੋਲਾ ਖੇਤਰ ਵਿਚ ਸੋਮਵਾਰ ਦੀ ਸਵੇਰੇ 11 ਵਜੇ ਤੋਂ ਕੋਲਾ ਆਵਾਜਾਈ ਦੇ ਕੰਮ ਨੂੰ ਰੋਕ ਦਿਤਾ। ਬਿਆਨ ਮੁਤਾਬਕ ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਦੇ ਦਖ਼ਲ ਮਗਰੋਂ ਦੁਪਹਿਰ ਮਗਰੋਂ ਕੰਮ ਫਿਰ ਸ਼ੁਰੂ ਹੋਇਆ।

ਕੰਮ ਪ੍ਰਭਾਵਤ ਹੋਣ ਕਾਰਨ ਕੰਪਨੀ ਨੂੰ 2.68 ਕਰੋੜ ਰੁਪਏ ਦਾ ਅਨੁਮਾਨਤ ਨੁਕਸਾਨ ਝਲਣਾ ਪਿਆ। ਇਸ ਕੰਮ ਦੇ ਰੁਕਣ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੀ 46 ਲੱਖ ਰੁਪਏ ਦਾ ਨੁਕਸਾਨ ਹੋਇਆ। ਬਿਆਨ ਵਿਚ ਕਿਹਾ ਗਿਆ ਹੈ ਕਿ ਕੰਪਨੀ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਕੰਮ ਰੋਕਣ ਦੇ ਜ਼ਿੰਮੇਵਾਰ ਲੋਕਾਂ ਵਿਰੁਧ ਜ਼ਰੂਰੀ ਕਾਰਵਾਈ ਕਰਨ ਲਈ ਸਥਾਨਕ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਾਈ ਹੈ।