IPS ਰਿਸ਼ੀ ਕੁਮਾਰ ਸ਼ੁਕਲਾ ਬਣੇ CBI ਦੇ ਨਵੇਂ ਡਾਇਰੈਕਟਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਪੁਲਿਸ ਸੇਵਾ ਦੇ ਸੀਨੀਅਰ ਅਫ਼ਸਰ ਰਿਸ਼ੀ ਕੁਮਾਰ ਸ਼ੁਕਲਾ ਨੂੰ ਸੀਬੀਆਈ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਰਿਸ਼ੀ ਕੁਮਾਰ ਸ਼ੁਕਲਾ ਮੱਧ...

Rishi Kumar Shukla

ਨਵੀਂ ਦਿੱਲੀ : ਭਾਰਤੀ ਪੁਲਿਸ ਸੇਵਾ ਦੇ ਸੀਨੀਅਰ ਅਫ਼ਸਰ ਰਿਸ਼ੀ ਕੁਮਾਰ ਸ਼ੁਕਲਾ ਨੂੰ ਸੀਬੀਆਈ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਰਿਸ਼ੀ ਕੁਮਾਰ ਸ਼ੁਕਲਾ ਮੱਧ ਪ੍ਰਦੇਸ਼ ਦੇ 1983 ਕੈਡਰ ਦੇ ਅਫ਼ਸਰ ਹਨ। ਉਨ੍ਹਾਂ ਦੀ ਨਿਯੁਕਤੀ ਦੋ ਸਾਲਾਂ ਲਈ ਹੋਵੇਗੀ। ਰਿਸ਼ੀ ਕੁਮਾਰ ਸ਼ੁਕਲਾ ਮੱਧ ਪ੍ਰਦੇਸ਼ ਦੇ ਪੁਲਿਸ ਮਹਾਨਿਰਦੇਸ਼ਕ ਰਹਿ ਚੁੱਕੇ ਹਨ। ਡਿਪਾਰਟਮੈਂਟ ਆਫ਼ ਪਰਸਨਲ ਐਂਡ ਟ੍ਰੇਨਿੰਗ ਵਲੋਂ ਦਿਤੀ ਗਈ ਜਾਣਕਾਰੀ ਦੇ ਮੁਤਾਬਕ ਕੈਬਨਿਟ ਦੀ ਨਿਯੁਕਤ ਕਮੇਟੀ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਹਰੀ ਝੰਡੀ ਦਿਤੀ ਹੈ।

ਸ਼ੁੱਕਰਵਾਰ ਨੂੰ ਹੀ ਸੀਬੀਆਈ ਡਾਇਰੈਕਟਰ ਨੂੰ ਨਿਯੁਕਤ ਕਰਨ ਵਾਲੀ ਕਮੇਟੀ ਦੀ ਬੈਠਕ ਹੋਈ ਸੀ। ਦੋ ਘੰਟੇ ਤੱਕ ਚੱਲੀ ਇਸ ਬੈਠਕ ਵਿਚ ਕਈ ਨਾਵਾਂ ਉਤੇ ਚਰਚਾ ਕੀਤੀ ਗਈ ਸੀ। ਧਿਆਨ ਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਸੀਬੀਆਈ ਡਾਇਰੈਕਟਰ ਦੀ ਨਿਯੁਕਤੀ ਸਬੰਧੀ ਖ਼ਬਰਾਂ ਆ ਰਹੀਆਂ ਸਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦੇ ਸੀਬੀਆਈ ਨਿਰਦੇਸ਼ਕ ਰਹੇ ਆਲੋਕ ਕੁਮਾਰ ਵਰਮਾ ਨੂੰ ਸਰਕਾਰ ਨੇ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਦੂਜੇ ਵਿਭਾਗ ਵਿਚ ਤਬਾਦਲਾ ਕਰ ਦਿਤਾ ਸੀ।

ਆਲੋਕ ਵਰਮਾ ਉਤੇ ਉਨ੍ਹਾਂ ਦੇ ਡਿਪਟੀ ਰਹੇ ਰਾਕੇਸ਼ ਅਸਥਾਨਾ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਇਸ ਮਾਮਲੇ ਨੂੰ ਲੈ ਕੇ ਦੇਸ਼ ਵਿਚ ਹੰਗਾਮਾ ਹੋਇਆ ਸੀ। ਕੇਂਦਰ ਸਰਕਾਰ ਦੇ ਇਸ ਕਦਮ ਦੇ ਵਿਰੁਧ ਆਲੋਕ ਕੁਮਾਰ ਵਰਮਾ ਸੁਪਰੀਮ ਕੋਰਟ ਗਏ ਸਨ। ਬਾਅਦ ਵਿਚ ਆਲੋਕ ਵਰਮਾ ਨੇ ਭਾਰਤੀ ਪੁਲਿਸ ਸੇਵਾ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ ਸੀ। ਹਾਲਾਂਕਿ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੇ ਅਸਤੀਫ਼ੇ ਨੂੰ ਅਪ੍ਰਵਾਨਗੀ ਦੇ ਦਿਤੀ ਸੀ ਅਤੇ ਉਨ੍ਹਾਂ ਨੂੰ ਫਿਰ ਤੋਂ ਨਿਯੁਕਤ ਕਰਨ ਨੂੰ ਕਿਹਾ ਸੀ।

ਆਲੋਕ ਵਰਮਾ 39 ਸਾਲ ਦੀ ਸੇਵਾ ਤੋਂ ਬਾਅਦ 31 ਜਨਵਰੀ 2019 ਨੂੰ ਰਟਾਇਰ ਹੋਣ ਵਾਲੇ ਸਨ। ਪਿਛਲੇ ਸਾਲ ਆਲੋਕ ਵਰਮਾ  ਅਤੇ ਰਾਕੇਸ਼ ਅਸਥਾਨਾ ਦੇ ਵਿਚ ਟਕਰਾਅ ਨੂੰ ਲੈ ਕੇ ਸੀਬੀਆਈ ਸੁਰਖ਼ੀਆਂ ਵਿਚ ਸੀ। ਆਲੋਕ ਵਰਮਾ ਨੇ ਅਪਣੇ ਹੀ ਡਿਪਟੀ ਰਾਕੇਸ਼ ਅਸਥਾਨਾ ਉਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਸੀ। ਇਸ ਦੇ ਜਵਾਬ ਵਿਚ ਰਾਕੇਸ਼ ਅਸਥਾਨਾ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਓਤੇ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਸੀ।

ਸਾਬਕਾ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਨੂੰ ਨਿਰਦੇਸ਼ਕ ਅਹੁਦੇ ਤੋਂ ਹਟਾਣ ਲਈ ਉੱਚ ਪੱਧਰੀ ਤਿੰਨ ਮੈਂਬਰੀ ਵਾਲੀ ਕਮੇਟੀ ਨੇ 2-1 ਨਾਲ ਫ਼ੈਸਲਾ ਲਿਆ ਸੀ। ਇਸ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਸਟਿਸ ਸੀਕਰੀ  ਅਤੇ ਕਾਂਗਰਸ ਨੇਤਾ ਮੱਲਿਕਾਰਜੁਨ ਖੜਗੇ ਸ਼ਾਮਿਲ ਹੋਏ। ਖੜਗੇ ਨੇ ਬਹੁਮਤ ਦੇ ਫ਼ੈਸਲੇ ਦਾ ਵਿਰੋਧ ਕੀਤਾ ਸੀ।