ਭਾਜਪਾ ਆਗੂ ਦਾ ਬਿਆਨ, ‘ਨੋਟਬੰਦੀ ਤਾਂ ਕਦੀ ਹੋਈ ਹੀ ਨਹੀਂ’

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਦਾ ਮੰਨਣਾ ਹੈ ਕਿ 8 ਨਵੰਬਰ 2016 ਨੂੰ ਜੋ ਨੋਟਬੰਦੀ ਹੋਈ ਉਹ ਨੋਟਬੰਦੀ ਨਹੀਂ ਬਲਕਿ ‘ਨੋਟ ਬਦਲੀ’ ਸੀ।

Photo

ਨਵੀਂ ਦਿੱਲੀ: ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਦਾ ਮੰਨਣਾ ਹੈ ਕਿ 8 ਨਵੰਬਰ 2016 ਨੂੰ ਜੋ ਨੋਟਬੰਦੀ ਹੋਈ ਉਹ ਨੋਟਬੰਦੀ ਨਹੀਂ ਬਲਕਿ ‘ਨੋਟ ਬਦਲੀ’ ਸੀ। ਇਹ ਬਿਆਨ ਉਹਨਾਂ ਇਕ ਇੰਟਰਵਿਊ ਦੌਰਾਨ ਦਿੱਤਾ ਹੈ। ਭਾਜਪਾ ਆਗੂ ਨੇ ਕਿਹਾ ਕਿ ਉਸ ਦੌਰਾਨ ਲੋਕਾਂ ਨੂੰ ਥੌੜੀ ਤਕਲੀਫ ਵੀ ਹੋਈ, ਹਾਲਾਂਕਿ ਸਰਕਾਰ ਦਾ ਜੋ ਟੀਚਾ ਸੀ ਉਹ ਇਸ ਨੋਟਬੰਦੀ ਨਾਲ ਪੂਰਾ ਹੋ ਗਿਆ।

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ, ‘ਅਸਲ ਵਿਚ ਉਹ ਨੋਟਬੰਦੀ ਨਹੀਂ ਸੀ, ਬਲਕਿ ਨੋਟ ਬਦਲੀ ਸੀ’। ਉਹਨਾਂ ਕਿਹਾ ਕਿ ਨੋਟਬੰਦੀ ਕਹਿ ਕੇ ਇਸ ਨੂੰ ਗਲਤ ਨਾਂਅ ਦਿੱਤਾ ਗਿਆ। ਉਸ ਮੁਹਿੰਮ ਲਈ ਨੋਟਬੰਦੀ ਸਹੀ ਸ਼ਬਦ ਨਹੀਂ ਹੈ ਅਤੇ ਉਹ ‘ਨੋਟ ਬਦਲੀ’ ਮੁਹਿੰਮ ਸੀ।

ਇੰਟਰਵਿਊ ਦੌਰਾਨ ਅਰਥਸ਼ਾਸਤਰੀਆਂ ਦੇ ਬਿਆਨਾਂ ਦੇ ਹਵਾਲੇ ਨਾਲ ਪੁੱਛ ਗਏ ਇਕ ਸਵਾਲ ਦੇ ਜਵਾਬ ਵਿਚ ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ, ‘ਅਰਥਸ਼ਾਸਤਰੀਆਂ ਨੂੰ ਛੱਡੋ...ਮਨੋਜ ਤਿਵਾੜੀ ਅਰਥਸ਼ਾਸਤਰੀ ਨੂੰ ਸੁਣੋ’। ਉਹਨਾਂ ਨੇ ਜੀਡੀਪੀ ਡਿੱਗਣ ਦੇ ਸਵਾਲ ‘ਤੇ ਕਿਹਾ, ‘ਜੀਡੀਪੀ ਦਾ ਡਿੱਗਣਾ ਅਤੇ ਉੱਠਣਾ ਹੋਰ ਚੀਜ਼ਾਂ ‘ਤੇ ਹੈ’।

ਇਸ ਦੌਰਾਨ ਮਨੋਜ ਤਿਵਾੜੀ ਨੇ ਕਿਹਾ ਕਿ ਨੋਟ ਬਦਲੀ ਨਾਲ ਲੋਕਾਂ ਨੂੰ ਸਮੱਸਿਆ ਤਾਂ ਹੋਈ ਪਰ ਜੋ ਉਦੇਸ਼ ਸੀ, ਉਹ ਬਹੁਤ ਵੱਡਾ ਸੀ ਅਤੇ ਉਹ ਉਦੇਸ਼ ਪੂਰਾ ਵੀ ਹੋਇਆ। ਦੱਸ ਦਈਏ ਕਿ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਹਨੀਂ ਦਿਨੀਂ ਭਾਜਪਾ ਪ੍ਰਧਾਨ ਮਨੋਤ ਤਿਵਾੜੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪ੍ਰਚਾਰ ਵਿਚ ਜੁੜੀਆਂ ਹੋਈਆਂ ਹਨ। ਇਸ ਦੌਰਾਨ ਪਾਰਟੀਆਂ ਵੱਲੋਂ ਵੱਖ-ਵੱਖ ਮੁੱਦਿਆਂ ‘ਤੇ ਕੇਜਰੀਵਾਲ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 8 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਹਨਾਂ ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ।