ਭਾਜਪਾ ਆਗੂ ਨੇ ਸ਼ਾਹੀਨ ਬਾਗ ਨੂੰ ਦੱਸਿਆ ‘ਸ਼ੈਤਾਨ ਬਾਗ’

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ-‘ਦਿੱਲੀ ਨੂੰ ਸੀਰੀਆ ਨਹੀਂ ਬਣਨ ਦੇਵਾਂਗੇ’

Photo

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਵਿਚ ਚੱਲ ਰਹੇ ਔਰਤਾਂ ਦੇ ਪ੍ਰਦਰਸ਼ਨ ‘ਤੇ ਭਾਰਤੀ ਜਨਤਾ ਪਾਰਟੀ ਹਮਲਾਵਰ ਹੈ ਅਤੇ ਉਸ ਦੇ ਆਗੂਆਂ ਵੱਲੋਂ ਇਕ ਤੋਂ ਬਾਅਦ ਇਕ ਵਿਵਾਦਤ ਬਿਆਨ ਦਿੱਤੇ ਜਾ ਰਹੇ ਹਨ। ਇਸੇ ਕੜੀ ਵਿਚ ਇਕ ਨਵਾਂ ਨਾਂਅ ਜੁੜਿਆ ਹੈ। ਹੁਣ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਸ਼ਾਹੀਨ ਬਾਗ ਵਿਚ ਚੱਲ ਰਹੇ ਪ੍ਰਦਰਸ਼ਨ ਨੂੰ ਲੈ ਕੇ ਬਿਆਨ ਦਿੱਤਾ ਹੈ।

ਤਰੁਣ ਚੁੱਘ ਨੇ ਕਿਹਾ ਕਿ ਸ਼ਾਹੀਨ ਬਾਗ ਦਾ ਮਤਲਬ ਹੈ ਸ਼ੈਤਾਨ ਬਾਗ। ਉਸ ਨੇ ਕਿਹਾ ਜਿਵੇਂ ਆਈਐਸਆਈ ਨੇ ਔਰਤਾਂ ਅਤੇ ਬੱਚਿਆਂ ਦੀ ਵਰਤੋਂ ਕੀਤੀ ਹੈ, ਇਹ ਵੀ ਉਹੀ ਤਰੀਕਾ ਅਪਣਾ ਰਹੇ ਹਨ। ਭਾਰਤ ਵਿਚ ਹਾਫਿਜ਼ ਸਈਦ ਦੇ ਵਿਚਾਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦਿੱਲੀ ਵਿਚ ਇਸ ਸਮੇਂ ਵਿਧਾਨ ਸਭਾ ਚੋਣ ਪ੍ਰਚਾਰ ਜ਼ੋਰਾਂ ‘ਤੇ ਹੈ ਅਤੇ ਸਾਰੀਆਂ ਸਿਆਸੀ ਧਿਰਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੀਆਂ ਹਨ।

ਵੋਟਾਂ ਵਿਚ ਸਿਰਫ ਇਕ ਹਫਤੇ ਦਾ ਸਮਾਂ ਰਹਿ ਗਿਆ ਹੈ, ਅਜਿਹੇ ਵਿਚ ਭਾਜਪਾ ਨੇ ਸੀਏਏ ਦੇ ਵਿਰੋਧੀਆਂ ਦੇ ਖਿਲਾਫ ਬਿਆਨਬਾਜ਼ੀ ਤੇਜ਼ ਕਰ ਦਿੱਤੀ ਹੈ। ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਅਪਣੇ ਟਵੀਟ ਵਿਚ ਕਿਹਾ ਕਿ ਸ਼ਾਹੀਨ ਬਾਗ ਵਿਚ ਪ੍ਰਦਰਸ਼ਨਕਾਰੀ ਸੜਕਾਂ ਨੂੰ ਰੋਕ ਕੇ ਦਿੱਲੀ ਦੀ ਜਨਤਾ ਦੇ ਮਨਾਂ ਵਿਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸ਼ਾਹੀਨ ਬਾਗ ਵਿਚ ਪ੍ਰਦਰਸ਼ਨਕਾਰੀਆਂ ਨੇ ਦੱਖਣੀ-ਪੂਰਬੀ ਦਿੱਲੀ ਵਿਚ ਨੋਇਡਾ ਦੇ ਨਾਲ ਮੁੱਖ ਸੜਕ ਨੂੰ ਜੋੜਨ ਵਾਲੇ ਖੇਤਰ ਨੂੰ ਜਾਮ ਕੀਤਾ ਹੋਇਆ ਹੈ, ਜਿਸ ਨਾਲ ਸਥਾਨਕ ਲੋਕਾਂ ਅਤੇ ਯਾਤਰੀਆਂ ਲਈ ਕਾਫੀ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਇਹਨਾਂ ਪ੍ਰਦਰਸ਼ਨਕਾਰੀਆਂ ਵਿਚ ਔਰਤਾਂ ਵੀ ਸ਼ਾਮਲ ਹਨ।

ਤਰੁਣ ਚੁੱਘ ਨੇ ਕਿਹਾ ਕਿ ਅਸੀਂ ਦਿੱਲੀ ਨੂੰ ਸੀਰੀਆ ਨਹੀਂ ਬਣਨ ਦੇਵਾਂਗੇ। ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਭਾਜਪਾ ਆਗੂ ਨੇ ਦਿੱਲੀ ਦੇ ਸ਼ਾਹੀਨ ਬਾਗ ਬਾਰੇ ਕੋਈ ਵਿਵਾਦਤ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਭਾਜਪਾ ਆਗੂਆਂ ਵੱਲੋਂ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਬਾਰੇ ਕਈ ਵਿਵਾਦਤ ਬਿਆਨ ਦਿੱਤੇ ਜਾ ਚੁੱਕੇ ਹਨ।