ਭਾਜਪਾ ਨੇਤਾਵਾਂ ਦੀ ਬਦਜ਼ੁਬਾਨੀ 'ਤੇ ਰੋਕ ਕਿਉਂ ਨਹੀਂ?

ਏਜੰਸੀ

ਖ਼ਬਰਾਂ, ਰਾਸ਼ਟਰੀ

ਉਂਝ ਦੇਸ਼ ਵਿਚ ਕਿਸੇ ਭਾਜਪਾ ਆਗੂ ਵੱਲੋਂ ਇਹ ਵਿਵਾਦਤ ਨਾਅਰਾ ਪਹਿਲੀ ਵਾਰ...

Minister of State Anurag Thakur

ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ 'ਮਨ ਕੀ ਬਾਤ' ਪ੍ਰੋਗਰਾਮ ਵਿਚ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਅਹਿੰਸਾ ਦਾ ਪਾਠ ਪੜ੍ਹਾਇਆ ਪਰ ਦੂਜੇ ਪਾਸੇ ਉਨ੍ਹਾਂ ਦੇ ਮੰਤਰੀ ਸ਼ਰ੍ਹੇਆਮ ਸਪੀਕਰਾਂ ਵਿਚ ਉਚੀ ਉਚੀ ਬੋਲ ਕੇ ਲੋਕਾਂ ਕੋਲੋਂ ਗੋਲੀ ਮਾਰਨ ਦੇ ਨਾਅਰੇ ਲਗਵਾ ਰਹੇ ਨੇ। ਇਹ ਨਾਅਰੇ ਦੇਸ਼ ਦੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੱਲੋਂ ਲਗਵਾਏ ਗਏ। ਕੀ ਪ੍ਰਧਾਨ ਮੰਤਰੀ ਵੱਲੋਂ ਮਨ ਕੀ ਬਾਤ ਵਿਚ ਪੜ੍ਹਾਇਆ ਗਿਆ ਅਹਿੰਸਾ ਦਾ ਪਾਠ ਸਿਰਫ਼ ਹੋਰ ਲੋਕਾਂ ਲਈ ਹੈ।

ਮੰਤਰੀਆਂ ਲਈ ਨਹੀਂ। ਜੇਕਰ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਉਨ੍ਹਾਂ ਦੇ ਅਪਣੇ ਹੀ ਮੰਤਰੀ ਤਕ ਨਹੀਂ ਪਹੁੰਚ ਸਕੀ ਤਾਂ ਫਿਰ ਪੀਐਮ ਮੋਦੀ ਨੂੰ ਅਨੁਰਾਗ ਠਾਕੁਰ ਨੂੰ ਮਿਲ ਕੇ ਸਮਝਾਉਣਾ ਚਾਹੀਦਾ ਹੈ ਕਿ ਉਹ ਅਜਿਹੀ ਬਿਆਨਬਾਜ਼ੀ ਨਾ ਕਰਨ। ਅਨੁਰਾਗ ਠਾਕੁਰ ਨੇ ਉਚੀ ਆਵਾਜ਼ ਵਿਚ ਲੋਕਾਂ ਕੋਲੋਂ ਨਾਅਰੇ ਲਗਵਾਏ 'ਦੇਸ਼ ਕੇ ਗੱਦਾਰੋਂ, ਗੋਲੀ ਮਾਰੋ। ਹੁਣ ਤਕ ਇਹ ਨਾਅਰਾ ਭਾਜਪਾ ਵੱਲੋਂ ਸੀਏਏ ਦੇ ਸਮਰਥਨ ਵਿਚ ਕੀਤੀਆਂ ਲਗਭਗ ਸਾਰੀਆਂ ਰੈਲੀਆਂ ਵਿਚ ਲਗਾਇਆ ਜਾ ਰਿਹਾ ਸੀ।

ਪੁਲਿਸ ਨੇ ਕਦੇ ਇਸ 'ਤੇ ਨੋਟਿਸ ਨਹੀਂ ਲਿਆ। ਲਾਊਡ ਸਪੀਕਰ ਰਾਹੀਂ ਗੋਲੀ ਮਾਰਨ ਦੇ ਨਾਅਰੇ ਲਗਾਏ ਜਾ ਰਹੇ ਨੇ। ਪਹਿਲਾਂ ਰੈਲੀਆਂ ਵਿਚ ਹੇਠਲੇ ਪੱਧਰ 'ਤੇ ਇਹ ਨਾਅਰਾ ਲਗਵਾਇਆ ਗਿਆ, ਹੁਣ ਮੰਤਰੀ ਵੀ ਇਹ ਨਾਅਰਾ ਲਗਾਉਣ ਲੱਗ ਪਏ ਨੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 1 ਫਰਵਰੀ ਨੂੰ ਦੇਸ਼ ਦਾ ਬਜਟ ਪੇਸ਼ ਹੋਣਾ ਹੈ। ਦੇਸ਼ ਦੀ ਅਰਥਵਿਵਸਥਾ ਕਈ ਤਰ੍ਹਾਂ ਦੇ ਸੰਕਟਾਂ ਨਾਲ ਜੂਝ ਰਹੀ ਐ ਪਰ ਦੇਸ਼ ਦੇ ਵਿੱਤ ਰਾਜ ਮੰਤਰੀ ਸਪੀਕਰਾਂ ਵਿਚੋਂ ਦੀ ਗੋਲੀ ਮਾਰਨ ਦੇ ਨਾਅਰੇ ਲਗਵਾ ਰਹੇ ਨੇ।

ਅਨੁਰਾਗ ਠਾਕੁਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੱਲੋਂ ਇਹ ਹਰਕਤ ਰਿਠਾਲਾ ਤੋਂ ਭਾਜਪਾ ਉਮੀਦਵਾਰ ਮਨੀਸ਼ ਚੌਧਰੀ ਦੀ ਇਕ ਚੋਣ ਰੈਲੀ ਵਿਚ ਕੀਤੀ ਗਈ। ਦਿੱਲੀ ਚੋਣਾਂ ਵਿਚ ਦੇਸ਼ ਦੇ ਵਿੱਤ ਰਾਜ ਮੰਤਰੀ ਵੱਲੋਂ ਗੋਲੀ ਮਾਰਨ ਦੇ ਨਾਅਰੇ ਲਗਵਾਏ ਜਾਣਾ ਚੋਣ ਕਮਿਸ਼ਨ ਲਈ ਇਮਤਿਹਾਨ ਦੀ ਘੜੀ ਐ, ਉਨ੍ਹਾਂ ਨੂੰ ਤੁਰੰਤ ਇਸ 'ਤੇ ਐਕਸ਼ਨ ਲੈਣਾ ਚਾਹੀਦਾ ਹੈ।

ਉਂਝ ਦੇਸ਼ ਵਿਚ ਕਿਸੇ ਭਾਜਪਾ ਆਗੂ ਵੱਲੋਂ ਇਹ ਵਿਵਾਦਤ ਨਾਅਰਾ ਪਹਿਲੀ ਵਾਰ ਨਹੀਂ ਲਗਾਇਆ ਗਿਆ ਬਲਕਿ ਜਦੋਂ ਤੋਂ ਸੀਏਏ ਦਾ ਰੌਲਾ ਸ਼ੁਰੂ ਹੋਇਆ, ਉਦੋਂ ਤੋਂ ਹੀ ਇਹ ਨਾਅਰਾ ਭਾਜਪਾ ਦੀਆਂ ਕਈ ਰੈਲੀਆਂ ਵਿਚ ਲਗਾਇਆ ਜਾ ਚੁੱਕਿਆ ਹੈ। ਦੇਸ਼ ਦੇ ਅਮਨ ਪਸੰਦ ਲੋਕਾਂ ਦਾ ਕਹਿਣਾ ਹੈ ਕਿ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪਣੇ ਮੰਤਰੀਆਂ ਦੀਆਂ ਇਹ ਹਰਕਤਾਂ ਨਜ਼ਰ ਨਹੀਂ ਆਉਂਦੀਆਂ?

ਜੋ ਸ਼ਰ੍ਹੇਆਮ ਦੇਸ਼ ਦਾ ਮਾਹੌਲ ਖ਼ਰਾਬ ਕਰਨ 'ਤੇ ਤੁਲੇ ਹੋਏ ਨੇ। ਲੋਕਾਂ ਦਾ ਕਹਿਣਾ ਕਿ ਵੋਟਰਾਂ ਨੂੰ ਲੁਭਾਉਣ ਲਈ ਲੀਡਰ ਵਿਕਾਸ ਦੇ ਵਾਅਦੇ ਦਾਅਵੇ ਕਰਦੇ ਤਾਂ ਕਈ ਵਾਰ ਦੇਖੇ ਜਾਂ ਸੁਣੇ ਨੇ ਪਰ ਭਾਜਪਾ ਆਗੂਆਂ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਨੇ ਜੋ ਸੱਤਾ ਖ਼ਾਤਰ ਦੇਸ਼ ਵਿਚ ਨਫ਼ਰਤ ਦਾ ਬੀਜ ਬੀਜਣ ਵਿਚ ਲੱਗੇ ਹੋਏ ਨੇ। ਜੇਕਰ ਇਸ ਰੁਝਾਨ ਨੂੰ ਤੁਰੰਤ ਠੱਲ੍ਹ ਨਾ ਪਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਗੱਦਾਰਾਂ ਦੀ ਵਜ੍ਹਾ ਨਾਲ ਨਹੀਂ ਬਲਕਿ ਇਨ੍ਹਾਂ ਨੇਤਾਵਾਂ ਦੀ ਵਜ੍ਹਾ ਨਾਲ ਟੁਕੜੇ ਟੁਕੜੇ ਹੋ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।