ਸ਼ਾਹੀਨ ਬਾਗ ਵਿਚ ਹਲਚਲ ਹੋਈ ਤੇਜ, ਪ੍ਰਦਰਸ਼ਨ ਵਿਰੁੱਧ ਭੀੜ ਨੇ ਲਗਾਏ 'ਖਾਲੀ ਕਰੋ' ਦੇ ਨਾਅਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਾਹੀਨ ਬਾਗ ਵਿਚ ਲਗਾਤਾਰ ਮੁਸਲਿਮ ਔਰਤਾ ਦੁਆਰਾ ਨਾਗਰਿਕਤਾ ਸੋਧ ਕਾਨੂੰਨ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ...

File Photo

ਨਵੀਂ ਦਿੱਲੀ : ਸ਼ਾਹੀਨ ਬਾਗ ਵਿਚ ਲਗਾਤਾਰ ਮੁਸਲਿਮ ਔਰਤਾ ਦੁਆਰਾ ਨਾਗਰਿਕਤਾ ਸੋਧ ਕਾਨੂੰਨ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਹੁਣ ਸ਼ਾਹੀਨ ਬਾਗ ਵਿਚ ਹਲਚਲ ਜਿਆਦਾ ਤੇਜ ਹੋ ਗਈ ਹੈ ਕਿਉਂਕਿ ਇੱਥੇ ਅੱਜ ਕੁੱਝ ਹਿੰਦੂ ਸੰਗਠਨਾਂ ਨੇ ਪ੍ਰਦਰਸ਼ਨ ਕਰਨਾ ਸੀ ਜਿਸ ਲਈ ਪੁਲਿਸ ਨੇ ਇਜਾਜਤ ਨਹੀਂ ਦਿੱਤੀ ਹੈ।

ਹਿੰਦੂ ਸੰਗਠਨਾ ਨੂੰ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਵਿਰੁੱਧ ਰੋਸ ਮੁਜ਼ਹਾਰਾ ਕਰਨ ਦੀ ਪੁਲਿਸ ਵੱਲੋਂ ਆਗਿਆ ਨਾਂ ਮਿਲਣ 'ਤੇ ਉਨ੍ਹਾਂ ਨੇ ਆਪਣਾ ਪ੍ਰਦਰਸ਼ਨ ਰੱਦ ਕਰ ਦਿੱਤਾ ਹੈ। ਪਾਰੇ ਦੂਜੇ ਪਾਸੇ ਦੁਪਹਿਰ ਵੇਲੇ ਅਚਾਨਕ 20 ਤੋਂ 25 ਲੋਕ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਵਿਰੁੱਧ ਧਰਨੇ 'ਤੇ ਬੈਠ ਗਏ। ਮੀਡੀਆ ਰਿਪੋਰਟਾਂ ਅਨੁਸਾਰ ਇਹ ਲੋਕ ਨੋਇਡਾ-ਕਾਲਿੰਦੀ ਕੁਜ ਸੜਕ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਸਨ।

ਇਨ੍ਹਾਂ ਦਾ ਕਹਿਣਾ ਸੀ ਕਿ ਇਹ ਕਿਸੇ ਸੰਗਠਨ ਨਾਲ ਜੁੜੇ ਹੋਏ ਨਹੀਂ ਹਨ ਬਲਕਿ ਇੱਥੋਂ ਦੇ ਹੀ ਆਮ ਲੋਕ ਹਨ। ਪੁਲਿਸ ਇਨ੍ਹਾਂ ਨਾਲ ਅਜੇ ਗੱਲਬਾਤ ਹੀ ਕਰ ਰਹੀ ਸੀ ਇੰਨੇ ਨੂੰ ਅਚਾਨਕ ਸ਼ਾਹੀਨ ਬਾਗ ਦੇ ਸਾਹਮਣੇ ਵਾਲੀਆਂ ਝੁੰਗੀਆ ਤੋਂ 100-200 ਤੋਂ ਵੱਧ ਲੋਕ ਉੱਥੇ ਇੱਕਠੇ ਹੋ ਗਏ ਅਤੇ ਸੜਕ ਖਲਵਾਉਣ ਦੀ ਮੰਗ ਕਰਨ ਲੱਗੇ।

ਇਹ ਸਾਰੇ ਲੋਕ ਸੜਕ ਉੱਤੇ ਹੀ ਬੈਠ ਗਏ ਅਤੇ ਸ਼ਾਹੀਨ ਬਾਗ ਨੂੰ ਖਾਲੀ ਕਰਵਾਉਣ ਦੀ ਮੰਗ ਕਰਨ ਲੱਗੇ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਕੁੱਝ ਕੁ ਨੇ ਤਾਂ ਵੰਦੇ ਮਾਤਰਮ ਅਤੇ ਦੇਸ਼ ਦੇ ਗਦਾਰਾ ਨੂੰ... ਗੋਲੀ ਮਾਰੋ... ਵਰਗੇ ਨਾਅਰੇ ਲਗਾਏ। ਪੁਲਿਸ ਦੇ ਕਹਿਣ 'ਤੇ ਜਦੋਂ ਇਹ ਲੋਕ ਨਹੀਂ ਮੰਨੇ ਤਾਂ ਇਨ੍ਹਾਂ ਨੂੰ ਬੱਸਾਂ ਵਿਚ ਭਰ ਕੇ ਲਿਜਾਇਆ ਜਾਣ ਲੱਗਾ। ਹਾਲਾਂਕਿ ਅਜੇ ਵੀ ਉੱਥੇ ਕਈ ਲੋਕ ਮੌਜੂਦ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ।

ਇਸ ਪੂਰੀ ਘਟਨਾਂ ਤੋਂ ਬਾਅਦ ਸ਼ਾਹੀਨ ਬਾਗ ਵਿਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਦਿੱਲੀ ਪੁਲਿਸ ਤੋਂ ਇਲਾਵਾ ਉੱਥੇ ਪੈਰਾਮਿਲਟਰੀ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਹਰ ਆਉਣ ਜਾਣ ਵਾਲੇ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਦੱਸ ਦਈਏ ਕਿ ਕੱਲ੍ਹ ਵੀ ਇਕ ਵਿਅਕਤੀ ਦੁਆਰਾ ਸ਼ਾਹੀਨ ਬਾਗ ਵਿਚ ਫਾਇਰਿੰਗ ਕੀਤੀ ਗਈ ਸੀ ਜਿਸ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਸੀ।