ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਮੋਦੀ ਸਰਕਾਰ ਤਿਆਰ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਟਵੀਟ ਰਾਹੀਂ ਦਿੱਤੇ ਸੰਕੇਤ

File Photo

ਨਵੀਂ ਦਿੱਲੀ : ਦਿੱਲੀ ਦੇ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਮੋਦੀ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ ਇਸ ਗੱਲ ਦੇ ਸੰਕੇਤ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦੇ ਟਵੀਟ ਤੋਂ ਮਿਲ ਰਹੇ ਹਨ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਲੋਕਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਇਕ ਯੋਜਨਾਬੱਧ ਤਰੀਕੇ ਨਾਲ।

ਸ਼ਾਹੀਨ ਬਾਗ ਵਿਚ ਪਿਛਲੇ 50 ਦਿਨਾਂ ਤੋਂ ਸੀਏਏ ਅਤੇ ਐਨਆਰਸੀ ਵਿਰੁੱਧ ਮੁਸਲਿਮ ਔਰਤਾ ਦੁਆਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸ਼ਾਹੀਨ ਬਾਗ ਵਿਚ ਹੋ ਰਿਹਾ ਪ੍ਰਦਰਸ਼ਨ ਮੋਦੀ ਸਰਕਾਰ ਦੇ ਨਿਸ਼ਾਨੇ 'ਤੇ ਰਿਹਾ ਹੈ। ਸਰਕਾਰ ਦੇ ਮੰਤਰੀਆਂ ਅਤੇ ਆਗੂਆਂ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਹਨ ਉੱਥੇ ਦੇਸ਼ ਵਿਰੋਧੀ ਗਤੀਵਿਧੀਆ ਚੱਲ ਰਹੀਆਂ ਹਨ ਅਤੇ ਭਾਜਪਾ ਆਈਟੀਸੈਲ ਦੇ ਮੁੱਖੀ ਵੱਲੋਂ ਤਾਂ ਇੱਥੋਂ ਤੱਕ ਦਾਅਵਾ ਕੀਤਾ ਗਿਆ ਸੀ ਕਿ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ 500 ਤੋਂ 1000 ਰੁਪਏ ਦਿੱਤੇ ਜਾ ਰਹੇ ਹਨ ਪਰ ਇਨ੍ਹਾਂ ਸੱਭ ਇਲਜ਼ਾਮਬਾਜੀਆਂ ਦੇ ਬਾਅਦ ਸਰਕਾਰ ਦਾ ਰੁਖ ਹੁਣ ਥੋੜਾ ਨਰਮ ਵਿਖਾਈ ਦੇ ਰਿਹਾ ਹੈ ਜਿਸ ਦਾ ਇਸ਼ਾਰਾ ਖੁਦ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਦਿੱਤਾ ਹੈ।

ਉਨ੍ਹਾਂ ਨੇ ਇਕ ਟੀਵੀ ਪ੍ਰੋਗਰਾਮ ਦੌਰਾਨ ਕਿਹਾ ਕਿ ''ਜੇਕਰ ਤੁਸੀ ਵਿਰੋਧ ਕਰ ਰਹੇ ਹੋ ਤਾਂ ਚੰਗੀ ਗੱਲ ਹੈ ਪਰ ਤੁਹਾਡੇ ਲੋਕਾਂ ਦੀ ਜਦੋਂ ਅਸੀ ਕੋਈ ਅਵਾਜ਼ ਸੁਣਦੇ ਹਾਂ ਤਾਂ ਕਹਿੰਦੇ ਹਨ ਕਿ ਸੀਏਏ ਜਦੋਂ ਤੱਕ ਵਾਪਸ ਨਹੀਂ ਹੋਵੇਗਾ ਉਦੋਂ ਤੱਕ ਗੱਲ ਨਹੀਂ ਹੋਵੇਗੀ। ਜੇਕਰ ਇਹ ਚਾਹੁੰਦੇ ਹਨ ਕਿ ਸਰਕਾਰ ਦਾ ਕੋਈ ਪ੍ਰਤੀਨਿਧੀ ਗੱਲ ਕਰੇ ਤਾਂ ਇਕ ਸਟਰੱਕਚਰ ਤਰੀਕਾ ਹੋਣਾ ਚਾਹੀਦਾ ਹੈ ਜੇਕਰ ਤੁਸੀ ਕਹੋਗੇ ਕਿ ਉੱਥੇ ਆ ਕੇ ਗੱਲ ਕਰੋਂ, ਤਾਂ ਕਿਵੇਂ ਹੋਵੇਗਾ''।

ਦੱਸ ਦਈਏ ਕਿ ਦਿੱਲੀ ਦੇ ਸ਼ਾਹੀਨ ਬਾਗ ਵਿਚ ਮੁਸਲਿਮ ਔਰਤਾਂ ਦੁਆਰਾ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਦੂਜੇ ਧਰਮਾਂ ਦਾ ਵੀ ਸਮੱਰਥਨ ਮਿਲ ਰਿਹਾ ਹੈ। ਹਿੰਦੂ, ਸਿੱਖ, ਈਸਾਈ ਅਤੇ ਬਾਕੀ ਧਰਮਾਂ ਦੇ ਲੋਕ ਵੀ ਇਸ ਪ੍ਰਦਰਸ਼ਨ ਵਿਚ ਆਪਣਾ ਸਮੱਰਥਨ ਦੇਣ ਲਈ ਆ ਰਹੇ ਹਨ ਇੰਨਾ ਹੀ ਨਹੀਂ ਸ਼ਾਹੀਨ ਬਾਗ ਦਾ ਪ੍ਰਦਰਸ਼ਨ ਇਕ ਪ੍ਰਤੀਕ ਬਣਦਾ ਜਾ ਰਿਹਾ ਹੈ ਜਿਸ ਦੀ ਤਰਜ ਉੱਤੇ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ 'ਤੇ ਰੋਸ ਮੁਜ਼ਹਾਰੇ ਕੀਤੇ ਜਾ ਰਹੇ ਹਨ।