ਸ਼ਾਹੀਨ ਬਾਗ਼ ਧਰਨੇ ਤੋਂ ਸਥਾਨਕ ਲੋਕ ਔਖੇ, ਕੀਤਾ ਪ੍ਰਦਰਸ਼ਨ!

ਏਜੰਸੀ

ਖ਼ਬਰਾਂ, ਰਾਸ਼ਟਰੀ

'ਜੈ ਸ੍ਰੀ ਰਾਮ, ਵੰਦੇ ਮਾਤਰਮ' ਦੇ ਨਾਹਰੇ ਲਾਏ

file photo

ਨਵੀਂ ਦਿੱਲੀ : ਸ਼ਾਹੀਨ ਬਾਗ਼ ਵਿਖੇ ਚੱਲ ਰਹੇ ਧਰਨੇ ਤੋਂ ਪ੍ਰੇਸ਼ਾਨ ਸਥਾਨਕ ਲੋਕ ਵੀ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ। ਨੋਇਡਾ ਨੂੰ ਕਾਲਿੰਦੀ ਕੁੰਜ ਨਾਲ ਜੋੜਨ ਵਾਲੀ ਸੜਕ ਤੋਂ ਬੈਰੀਕੇਡ ਹਟਾਉਣ ਦੀ ਮੰਗ ਸਬੰਧੀ ਦਿੱਲੀ ਦੇ ਸ਼ਾਹੀਨਬਾਗ਼ ਵਿਚ ਨਾਗਰਿਕਤਾ ਵਿਰੋਧੀ ਧਰਨਾ ਸਥਾਨ ਲਾਗੇ ਐਤਵਾਰ ਨੂੰ ਸਥਾਨਕ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਨੇ ਦਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸੋਧੇ ਹੋਏ ਨਾਗਰਿਕਤਾ ਕਾਨੂੰਨ ਵਿਰੁਧ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਧਰਨੇ 'ਤੇ ਬੈਠੇ ਲੋਕਾਂ ਨੂੰ ਥਾਂ ਖ਼ਾਲੀ ਕਰ ਦੇਣੀ ਚਾਹੀਦੀ ਹੈ ਕਿਉਂÎਕਿ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੁਲਿਸ ਅਧਿਕਾਰੀ ਦੇਵੇਸ਼ ਸ੍ਰੀਵਾਸਤਵ ਅਤੇ ਚਿਨਮਯ ਬਿਸਵਾਲ ਇਹ ਯਕੀਨੀ ਕਰਨ ਲਈ ਮੌਕੇ 'ਤੇ ਮੌਜੂਦ ਸਨ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਨ੍ਹਾਂ ਪ੍ਰਦਰਸ਼ਨਕਾਰੀਆਂ ਵਿਚ ਔਰਤਾਂ ਵੀ ਸ਼ਾਮਲ ਸਨ। ਲੋਕਾਂ ਨੇ ਮੌਕੇ 'ਤੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਅਤੇ 'ਜੈ ਸ੍ਰੀ ਰਾਮ, ਵੰਦੇ ਮਾਤਰਮ ਤੇ ਖ਼ਾਲੀ ਕਰਾਉ ਸ਼ਾਹੀਨ ਬਾਗ਼ ਜਿਹੇ ਨਾਹਰੇ ਲਾਏ।

ਜਸੋਲਾ ਦੀ ਰਹਿਣ ਵਾਲੀ ਰੇਖਾ ਦੇਵੀ ਨੇ ਕਿਹਾ, 'ਅਸੀਂ ਚਾਹੁੰਦੇ ਹਾਂ ਕਿ ਸੜਕ ਖ਼ਾਲੀ ਹੋਵੇ। ਉਹ ਪਿਛਲੇ 50 ਦਿਨਾਂ ਤੋਂ ਧਰਨੇ 'ਤੇ ਬੈਠੇ ਹਨ ਜਿਸ ਕਾਰਨ ਲੋਕਾਂ ਨੂੰ ਮੁਸ਼ਕਲ ਹੋ ਰਹੀ ਹੈ। ਸਾਡੇ ਬੱਚੇ ਸਕੂਲ ਜਾਣ ਦੀ ਹਾਲਤ ਵਿਚ ਨਹੀਂ ਹਨ ਕਿਉਂਕਿ ਸੜਕਾਂ ਬੰਦ ਹਨ। ਪੁਲਿਸ ਨੇ ਦਸਿਆ ਕਿ ਲਗਭਗ 52 ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਰਿਹਾਅ ਕਰ ਦਿਤਾ ਜਾਵੇਗਾ।

ਦੀਪਕ ਪਟੇਲ ਨੇ ਕਿਹਾ ਕਿ ਕਿਸੇ ਤਰ੍ਹਾਂ ਇਲਾਕੇ ਨੂੰ ਪਾਰ ਕਰ ਕੇ ਕੰਮ 'ਤੇ ਜਾਣ ਵਿਚ ਉਹ ਸਫ਼ਲ ਰਹੇ ਹਨ। ਪਟੇਲ ਨੇ ਦਸਿਆ, 'ਭਾਰੀ ਰੋਕਾਂ ਕਾਰਨ ਪੁਲਿਸ ਸਾਨੂੰ ਧਰਨੇ ਵਾਲੀ ਥਾਂ 'ਤੇ ਜਾਣ ਦੀ ਇਜਾਜ਼ਤ ਨਹੀਂ ਦਿੰਦੀ ਜਿਥੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਔਰਤਾਂ ਧਰਨਾ ਦੇ ਰਹੀਆਂ ਹਨ। ਮੈਂ ਕਿਸੇ ਤਰ੍ਹਾਂ ਇਸ ਇਲਾਕੇ ਨੂੰ ਪਾਰ ਕਰ ਕੇ ਕੰਮ 'ਤੇ ਜਾਣ ਵਿਚ ਸਫ਼ਲ ਹੋਇਆ ਹਾਂ ਪਰ ਕਲ ਤੋਂ ਸਖ਼ਤ ਜਾਂਚ ਜਾਰੀ ਹੈ ਅਤੇ ਸਾਨੂੰ ਪਛਾਣ ਪੱਤਰ ਵਿਖਾ ਕੇ ਹੀ ਉਸ ਖੇਤਰ ਵਿਚੋਂ ਜਾਣ ਦੀ ਇਜਾਜ਼ਤ ਦਿਤੀ ਜਾ ਰਹੀ ਹੈ।'

ਸ਼ਾਹੀਨਬਾਗ਼ ਵਿਚ ਸਨਿਚਰਵਾਰ ਨੂੰ 25 ਸਾਲ ਦੇ ਨੌਜਵਾਨ ਨੇ ਹਵਾ ਵਿਚ ਦੋ ਗੋਲੀਆਂ ਚਲਾਈਆਂ ਸਨ ਜਿਸ ਮਗਰੋਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪ੍ਰਦਰਸ਼ਨਕਾਰੀ ਰੇਖਾ ਖੰਨਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਛੇਤੀ ਸੜਕ ਖ਼ਾਲੀ ਕਰਾਈ ਜਾਵੇ। ਉਸ ਨੇ ਕਿਹਾ, 'ਹੁਣ 50 ਦਿਨ ਹੋ ਗਏ ਹਨ। ਮੇਰੇ ਪਤੀ ਨੋਇਡਾ ਵਿਚ ਕੰਮ ਕਰਦੇ ਹਨ ਅਤੇ ਸਾਡੇ ਬੱਚੇ ਇਸੇ ਰਾਹ ਤੋਂ ਸਕੂਲ ਜਾਂਦੇ ਹਨ। ਮੈਂ ਸਿਰਫ਼ ਇਕ ਦਿਨ ਦਾ ਵਿਰੋਧ ਪ੍ਰਦਰਸ਼ਨ ਕਰਨ ਆਈ ਹਾਂ ਅਤੇ ਸਾਨੂੰ ਇਥੋਂ ਚਲੇ ਜਾਣ ਲਈ ਕਿਹਾ ਜਾ ਰਿਹਾ ਹੈ।'