ਗੂਗਲ ਇੰਡੀਆ ਦੇ ਵਾਈਸ ਪ੍ਰੈਜੀਡੈਂਟ ਰਾਜਨ ਆਨੰਦਨ ਨੇ ਦਿੱਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਨ ਦੀ ਥਾਂ ਗੂਗਲ ਦੇ ਕੰਟਰੀ ਡਾਇਰੈਕਟਰ (ਸੇਲਜ਼) ਵਿਕਾਸ ਅਗਨੀਹੋਤਰੀ ਗੂਗਲ ਇੰਡੀਆ ਦੇ ਅੰਤਰਮ ਹੈਡ ਬਣਨਗੇ

Rajan Anandan

ਨਵੀਂ ਦਿੱਲੀ : ਗੂਗਲ ਦੇ ਸਾਊਥ-ਈਸਟ ਏਸ਼ੀਆ ਅਤੇ ਭਾਰਤ ਦੇ ਵਾਈਸ ਪ੍ਰੈਜੀਡੈਂਟ ਰਾਜਨ ਆਨੰਦਨ ਨੇ ਅਸਤੀਫ਼ਾ ਦੇ ਦਿੱਤਾ ਹੈ। ਉਹ ਇਸ ਮਹੀਨੇ ਦੇ ਅੰਤ 'ਚ ਕੰਪਨੀ ਛੱਡ ਦੇਣਗੇ। ਗੂਗਲ ਏਸ਼ੀਆ ਪੈਸੀਫਿਕ ਦੇ ਪ੍ਰੈਜੀਡੈਂਟ ਸਕਾਟ ਬੇਓਮੋਂਟ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਗੂਗਲ ਛੱਡਣ ਤੋਂ ਬਾਅਦ ਰਾਜਨ ਵੈਂਚਰ ਐਂਡ ਕੰਪਨੀ ਸਿਕਓਆ ਕੈਪੀਟਲ ਇੰਡੀਆ (Sequoia Capital India) ਜੁਆਇਨ ਕਰਨਗੇ। ਇਸ ਫ਼ਰਮ ਦੇ ਮੈਨੇਜਿੰਗ ਡਾਇਰੈਕਟਰ ਸ਼ੈਲੇਂਦਰ ਜੇ. ਸਿੰਘ ਨੇ ਲਿੰਕਡ ਇਨ ਪੋਸਟ 'ਚ ਕਿਹਾ ਹੈ ਕਿ ਰਾਜਨ ਲੀਡਰਸ਼ਿਪ ਟੀਮ ਦਾ ਹਿੱਸਾ ਬਣਨਗੇ। ਰਾਜਨ ਦਾ ਕਈ ਸਟਾਰਟਅਪ ਕੰਪਨੀਆਂ 'ਚ ਨਿਵੇਸ਼ ਵੀ ਹੈ।

ਰਾਜਨ ਪਿਛਲੇ 8 ਸਾਲ ਤੋਂ ਗੂਗਲ 'ਚ ਸਨ। ਇਸ ਤੋਂ ਪਹਿਲਾਂ 2010 ਤਕ ਉਹ ਮਾਈਕ੍ਰੋਸਾਫ਼ਟ ਨਾਲ ਜੁੜੇ ਹੋਏ ਸਨ। ਗੂਗਲ ਤੋਂ ਉਨ੍ਹਾਂ ਦੇ ਅਸਤੀਫ਼ੇ ਦਾ ਕਾਰਨ ਪਤਾ ਨਹੀਂ ਲੱਗਾ ਹੈ। ਗੂਗਲ ਦੇ ਕੰਟਰੀ ਡਾਇਰੈਕਟਰ (ਸੇਲਜ਼) ਵਿਕਾਸ ਅਗਨੀਹੋਤਰੀ, ਰਾਜਨ ਦੀ ਥਾਂ ਗੂਗਲ ਇੰਡੀਆ ਦੇ ਅੰਤਰਮ ਹੈਡ ਬਣਨਗੇ। ਰਾਜਨ ਡੈਲ ਅਤੇ ਮੈਕੇਂਜੀ ਨਾਲ ਵੀ ਕੰਮ ਕਰ ਚੁੱਕੇ ਹਨ। 2017 'ਚ ਉਹ ਇੰਟਰਨੈਟ ਐਂਡ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ ਦੇ ਚੇਅਰਮੈਨ ਚੁਣੇ ਗਏ ਸਨ। ਸਾਲ 2016 'ਚ ਉਹ ਕੈਪੀਲਰੀ ਟੈਕਨੋਲਾਜੀ ਦੇ ਬੋਰਡ 'ਚ ਸ਼ਾਮਲ ਹੋਏ ਸਨ।

ਟੈਕਨਾਲੋਜੀ ਇੰਡਸਟਰੀ ਵਿਚ ਡੈਲ ਤੇ ਮਾਈਕਰੋਸਾਫਟ ਵਰਗੀਆਂ ਕੰਪਨੀਆਂ ਨਾਲ ਲਗਪਗ ਤਿੰਨ ਦਹਾਕੇ ਦੇ ਤਜ਼ਰਬੇ ਨਾਲ ਆਨੰਦਨ ਨੂੰ ਭਾਰਤ ਵਿਚ ਗੂਗਲ ਦੀ ਗ੍ਰੋਥ ਤੇ ਭਾਰਤੀ ਸਟਾਰਟਅਪ ਇਕੋਸਿਸਟਮ ਵਿਚ ਵੱਡਾ ਯੋਗਦਾਨ ਦੇਣ ਲਈ ਮੰਨਿਆ ਜਾਂਦਾ ਹੈ। 2018 ਵਿਚ ਆਨੰਦਨ ਨੇ ਬੈਂਗਲੁਰੂ ਵਿਚ ਆਧਾਰਿਤ ਆਨਲਾਈਨ ਸਟਾਟਅਪ Buttercups, Pregbuddy ਸਣੇ ਦਿੱਲੀ ਵਿਚ ਆਧਾਰਿਤ LetsMD ਦੇ ਨਾਲ-ਨਾਲ ਕਈ ਸਟਾਟਅਪ ਵਿਚ ਇਨਵੈਸਟ ਕੀਤਾ ਸੀ। Inc42 DataLabs ਦੀ ਰਿਪੋਰਟ ਅਨੁਸਾਰ, ਆਨੰਦਨ ਨੇ 80 ਤੋਂ ਜ਼ਿਆਦਾ ਭਾਰਤੀ ਸਟਾਟਅਪ ਵਿਚ ਇਨਵੈਸਟ ਕੀਤਾ ਸੀ। ਆਨੰਦਨ ਨੇ ਸ਼੍ਰੀਲੰਕਾ ਵਿਚ Blue Ocean Ventures ਦੇ ਨਾਂ ਨਾਲ ਆਪਣਾ ਫੰਡ ਵੀ ਲਾਂਚ ਕੀਤਾ ਸੀ। ਇਸ ਫੰਡ ਦੇ ਜ਼ਰੀਏ ਆਨੰਦਨ ਨੇ ਸ਼੍ਰੀਲੰਕਾ ਵਿਚ 10 ਤੋਂ ਜ਼ਿਆਦਾ ਨਿਵੇਸ਼ ਕੀਤੇ ਸਨ।