ਪ੍ਰਿਅੰਕਾ ਗਾਂਧੀ ਵਿਰੁੱਧ EC ਕੋਲ ਪਹੁੰਚੀ ਇਹ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਿਰੁੱਧ ਸ਼ਿਕਾਇਤ ਲੈ ਕੇ ਚੋਣ ਕਮਿਸ਼ਨ ਕੋਲ ਪਹੁੰਚਿਆ ਹੈ।

Priyanka Gandhi

ਨਵੀਂ ਦਿੱਲੀ: ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਿਰੁੱਧ ਸ਼ਿਕਾਇਤ ਲੈ ਕੇ ਚੋਣ ਕਮਿਸ਼ਨ ਕੋਲ ਪਹੁੰਚਿਆ ਹੈ। ਬਾਲ ਕਮਿਸ਼ਨ ਨੇ ਪ੍ਰਿਅੰਕਾ ਗਾਂਧੀ ਦੀ ਸ਼ਿਕਾਇਤ ਉਹਨਾਂ ਸਾਹਮਣੇ ਪੀਐਮ ਮੋਦੀ ਨੂੰ ਗਾਲ੍ਹਾਂ ਕੱਢਣ ਵਾਲਿਆਂ ਬੱਚਿਆਂ ਦਾ ਵੀਡੀਓ ਵਾਇਰਲ ਹੋਣ ਦੇ ਅਧਾਰ ‘ਤੇ ਕੀਤੀ ਹੈ। ਦਰਅਸਲ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਬੱਚਿਆਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ।

ਵੀਡੀਓ ਵਿਚ ਪ੍ਰਿਅੰਕਾ ਬੱਚਿਆਂ ਨਾਲ ਗੱਲ ਕਰਦੇ ਹੋਏ ਦਿਖ ਰਹੀ ਹੈ। ਇਸੇ ਦੌਰਾਨ ਬੱਚਿਆਂ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਗਾਲ੍ਹਾਂ ਕੱਢਣ ‘ਤੇ ਪ੍ਰਿਅੰਕਾ ਹੈਰਾਨ ਹੋ ਜਾਂਦੀ ਹੈ।  ਦੱਸ ਦਈਏ ਕਿ ਪ੍ਰਿਅੰਕਾ ਗਾਂਧੀ ਅਪਣੇ ਭਰਾ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸਾਂਸਦੀ ਸੀਟ ਅਮੇਠੀ ਵਿਚ ਮੰਗਲਵਾਰ ਨੂੰ ਪ੍ਰਚਾਰ ਕਰ ਰਹੀ ਸੀ।  ਪ੍ਰਿਅੰਕਾ ਗਾਂਧੀ ਨੇ ਬੱਚਿਆਂ ਦੇ ਇਕ ਸਮੂਹ ਨਾਲ ਮੁਲਾਕਾਤ ਵੀ ਕੀਤੀ। ਇਹ ਸਕੂਲੀ ਬੱਚੇ ਕਾਂਗਰਸ ਦੇ ਸਮਰਥਨ ਵਿਚ ਨਾਅਰੇ ਲਗਾ ਰਹੇ ਸਨ। ਇਸਦੇ ਨਾਲ ਹੀ ਉਹ ਬੱਚੇ ‘ਚੌਂਕੀਦਾਰ ਚੋਰ ਹੈ’ ਦੇ ਨਾਅਰੇ ਵੀ ਲਗਾ ਰਹੇ ਸਨ।

ਦੱਸ ਦਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਫੇਲ ਡੀਲ ‘ਤੇ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਇਸ ਨਾਅਰੇ ਦੇ ਜ਼ਰੀਏ ਪੀਐਮ ਮੋਦੀ ‘ਤੇ ਨਿਸ਼ਾਨਾ ਲਗਾਉਂਦੇ ਰਹੇ ਹਨ। ਇਸ ਵੀਡੀਓ ਵਿਚ ਪ੍ਰਿਅੰਕਾ ਗਾਂਧੀ ਬੱਚਿਆਂ ਨੂੰ ਦੇਖ ਰੇ ਮੁਸਕਰਾ ਰਹੀ ਸੀ ਪਰ ਉਹ ਉਸ ਸਮੇਂ ਹੈਰਾਨ ਹੋ ਗਈ ਜਦੋਂ ਬੱਚੇ ਪੀਐਮ ਮੋਦੀ ਵਿਰੁੱਧ ਅਪਸ਼ਬਦ ਬੋਲਣ ਲੱਗੇ। ਇਸ ਤੋਂ ਬਾਅਦ ਪ੍ਰਿਅੰਕਾ ਨੇ ਉਹਨਾਂ ਬੱਚਿਆਂ ਨੂੰ ਰੋਕਿਆ ਅਤੇ ਕਿਹਾ ਕਿ ਇਹ ਠੀਕ ਨਹੀਂ ਹੈ।

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਪ੍ਰਧਾਨ ਮੰਤਰੀ ਨੂੰ ਕੀ ਕੁਝ ਸਹਿਣਾ ਪੈਂਦਾ ਹੈ। ਪਰ ਇਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਸਮ੍ਰਿਤੀ ਇਰਾਨੀ ਨੇ ਜੋ ਵੀਡੀਓ ਸ਼ੇਅਰ ਕੀਤਾ ਹੈ ਉਹ ਐਡਿਟ ਕੀਤਾ ਹੋਇਆ ਹੈ। ਇਸ ਵੀਡੀਓ ਵਿਚ ਉਸ ਹਿੱਸੇ ਨੂੰ ਹਟਾ ਦਿੱਤਾ ਗਿਆ, ਜਿਸ ਵਿਚ ਪ੍ਰਿਅੰਕਾ ਗਾਂਧੀ ਬੱਚਿਆਂ ਨੂੰ ਗਾਲ੍ਹਾਂ ਕੱਢਣੋਂ ਰੋਕਦੀ ਦਿਖ ਰਹੀ ਹੈ।