ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ ਰਾਹੁਲ: ਪ੍ਰਿਅੰਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮੇਠੀ ਪਿੰਡਾਂ ਦੇ ਪ੍ਰਧਾਨਾਂ ਨੂੰ ਪੈਸੇ ਦੇ ਰਹੀ ਹੈ ਸਮ੍ਰਿਤੀ ਈਰਾਨੀ

Priyanka Gandhi

ਰਾਏਬਰੇਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਰਾ ਅਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ। ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਤਾਂ ਜਨਤਾ ਹੀ ਫ਼ੈਸਲਾ ਕਰੇਗੀ ਕਿ ਰਾਹੁਲ ਪ੍ਰਧਾਨ ਮੰਤਰੀ ਬਣਗੇ ਜਾਂ ਨਹੀਂ। ਸਲੋਨ ਵਿਧਾਨ ਸਭਾ ਖੇਤਰ ਦੇ ਬਘੌਲਾ ਅਤੇ ਸਲੋਨ ਕਸਬੇ ਦੇ ਚੋਣ ਦਫ਼ਤਰ ਵਿਚ ਇਕ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਲਈ ਇਕ ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ।

ਪ੍ਰਿਅੰਕਾ ਨੇ ਅਮੇਠੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ 'ਤੇ ਪਿੰਡਾਂ ਦੇ ਪ੍ਰਧਾਨਾਂ ਨੂੰ ਪੈਸੇ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜੁੱਤੇ ਵੰਡ ਕੇ ਈਰਾਨੀ ਅਮੇਠੀ ਦੀ ਜਨਤਾ ਦਾ ਅਪਮਾਨ ਕਰ ਰਹੀ ਹੈ ਅਤੇ ਕੀ ਉਹ ਦੁਨੀਆਂ ਨੂੰ ਇਹ ਵਿਖਾਉਣਾ ਚਾਹੁੰਦੀ ਹੈ ਕਿ ਇਥੋਂ ਦੇ ਲੋਕਾਂ ਕੋਲ ਜੁੱਤੀਆਂ ਨਹੀਂ ਹਨ। ਅਮੇਠੀ ਦੇ ਲੋਕ ਅਜਿਹੀ ਸਿਆਸਤ ਨਹੀਂ ਚਾਹੁੰਦੇ ਹਨ। ਪ੍ਰਿਅੰਕਾ ਨੇ ਕਿਹਾ ਕਿ ਅਮੇਠੀ ਦੀ ਜਨਤਾ ਉਨ੍ਹਾਂ ਦੇ ਪਰਵਾਰ ਨੂੰ ਕਾਫ਼ੀ ਪਿਆਰ ਕਰਦੀ ਹੈ।

ਅਮੇਠੀ ਦੀ ਜਨਤਾ ਨੇ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਨੂੰ ਪਿਆਰ ਦਿਤਾ ਸੀ ਅਤੇ ਹੁਣ ਇਹ ਜਨਤਾ ਉਨ੍ਹਾਂ ਦਾ ਭਰਾ ਰਾਹੁਲ ਗਾਂਧੀ ਨੂੰ ਵੀ ਪਿਆਰ ਦੇ ਰਹੀ ਹੈ। ਉਨ੍ਹਾਂ ਕਿਹਾ, 'ਜਦ ਮੈਂ 12 ਸਾਲ ਦੀ ਸੀ ਤਾਂ ਇਥੇ ਬੰਜਰ ਜ਼ਮੀਨਾਂ ਸਨ। ਮੈਨੂੰ ਯਾਦ ਹੈ ਕਿ ਮੇਰੇ ਪਿਤਾ ਜੀ ਨੇ ਤੁਹਾਡੇ ਲਈ ਇੰਨਾ ਸੰਘਰਸ਼ ਕੀਤਾ ਸੀ ਕਿ ਅੱਜ ਇਸ ਪੂਰੇ ਖੇਤਰ ਵਿਚ ਹਰਿਆਲੀ ਹੋ ਗਈ ਹੈ।' ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਜਿੱਤ ਦਰਜ ਕਰ ਕੇ ਸਰਕਾਰ ਬਣਾਏਗੀ ਅਤੇ ਰਾਹੁਲ ਗਾਂਧੀ ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ।  ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਵਿਚ ਭਾਜਪਾ ਦੀ ਬੁਰੀ ਤਰ੍ਹਾਂ ਹਾਰ ਹੋਣ ਵਾਲੀ ਹੈ। 

ਰਾਹੁਲ ਗਾਂਧੀ ਦੀ ਨਾਗਰਿਕਤਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਮੁੱਦੇ ਦੀ ਕੋਈ ਲੋੜ ਹੀ ਨਹੀਂ ਹੈ। ਲੋੜ ਤਾਂ ਇਹ ਹੈ ਕਿ ਜਨਤਾ ਦੀਆਂ ਸਮੱਸਿਆਵਾਂ 'ਤੇ ਧਿਆਨ ਦਿਤਾ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਦੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦਕਿ ਭਾਜਪਾ ਦੇ ਲੋਕਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਮੇਠੀ ਲੋਕ ਸਭਾ ਸੀਟ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਹੈ। ਰਾਹੁਲ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਉਮੀਦਵਾਰ ਸਮ੍ਰਿਤੀ ਈਰਾਨੀ ਨੂੰ ਹਰਾਇਆ ਸੀ ਅਤੇ ਇਸ ਵਾਰ ਵੀ ਮੁਕਾਬਲਾ ਇਨ੍ਹਾਂ ਦੋਹਾਂ ਵਿਚਾਲੇ ਹੀ ਹੈ।