ਜੀ ਬੀ ਰੋਡ : ਦੇਹ ਵਪਾਰ 'ਚ ਸ਼ਾਮਲ ਔਰਤਾਂ ਨੂੰ ਰਾਜਨੀਤਿਕ ਪਾਰਟੀਆਂ ਤੋਂ ਕੋਈ ਉਮੀਦ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਔਰਤਾਂ ਨੇ ਦਸਿਆ - ਉਨ੍ਹਾਂ ਕੋਲ ਵੋਟਰ ਕਾਰਡ ਹਨ ਪਰ ਉਹ ਕਿਸੇ ਨੂੰ ਵੀ ਵੋਟ ਪਾਉਣ, ਇਸ ਨਾਲ ਕੋਈ ਫ਼ਰਕ ਨਹੀਂ ਪੈਣ ਵਾਲਾ

Delhi's red light area: Where the vote is valued even if parties are not

ਨਵੀਂ ਦਿੱਲੀ : ਦੇਸ਼ ਦਾ ਵੱਡਾ ਤਬਕਾ ਭਾਂਵੇ ਹਰ ਪੰਜ ਸਾਲ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਲ ਵੱਡੀ ਉਮੀਦ ਨਾਲ ਦੇਖਦਾ ਹੈ ਪਰ ਦਿੱਲੀ ਦੇ 'ਰੈਡ ਲਾਈਟ' ਏਰੀਆ ਦੇ ਨਾਂ ਨਾਲ ਮਸ਼ਹੂਰ ਜੀ ਬੀ ਰੋਡ 'ਚ ਦੇਹ ਵਪਾਰ 'ਚ ਸ਼ਾਮਲ ਔਰਤਾਂ ਦਾ ਸ਼ਾਇਦ ਇਸ ਲੋਕਤੰਤਰਿਕ ਰੀਤ ਤੀ ਮੋਹ ਭੰਗ ਹੋ ਚੁੱਕਾ ਹੈ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਪੰਜ ਸਾਲ ਬਾਅਦ ਉਨ੍ਹਾਂ ਦੇ ਦਰਵਾਜ਼ੇ ਖੜਕਾਉਣ ਵਾਲੀ ਕਿਸੇ ਵੀ ਰਾਜਨੀਤਿਕ ਪਾਰਟੀ ਤੋਂ ਕੋਈ ਉਮੀਦ ਨਹੀਂ ਹੈ। 

ਹਾਲਾਂਕਿ, ਜੀ ਬੀ ਰੋਡ ਦੇ ਕੋਠਿਆਂ ਦੇ ਭੀੜੇ ਕਮਰਿਆਂ ਵਿਚ ਰਹਿਣ ਨੂੰ ਮਜ਼ਬੂਰ ਔਰਤਾਂ ਇਹ ਵੀ ਕਹਿੰਦੀਆਂ ਹਨ ਕਿ ਉਨ੍ਹਾਂ ਨੂੰ ਅਪਣੇ ਵੋਟ ਦੀ ਮਹੱਤਤਾ ਪਤਾ ਹੈ। ਇਨ੍ਹਾਂ ਵਿਚੋਂ ਕੁਝ ਔਰਤਾਂ ਨੇ ਤਾਂ ਪੱਛਮੀ ਬੰਗਾਲ ਸਣੇ ਹੋਰ ਰਾਜਾਂ ਵਿਚ ਅਪਣੇ ਘਰ ਜਾ ਕੇ ਅਪਣਾ ਵੋਟ ਵੀ ਪਾਇਆ ਹੈ। ਦਿੱਲੀ ਦੇ ਇਸ 'ਬਦਨਾਮ' ਇਲਾਕੇ ਵਿਚ ਰਹਿਣ ਵਾਲੀਆਂ ਕਈ ਔਰਤਾਂ ਨੇ ਦਸਿਆ ਕਿ ਉਨ੍ਹਾਂ ਕੋਲ ਵੋਟਰ ਕਾਰਡ ਹਨ ਪਰ ਉਹ ਕਿਸੇ ਨੂੰ ਵੀ ਵੋਟ ਪਾਉਣ, ਇਸ ਨਾਲ ਕੋਈ ਫ਼ਰਕ ਨਹੀਂ ਪੈਣ ਵਾਲਾ। ਉਨ੍ਹਾਂ ਲਈ ਇਹ ਵੋਟਰ ਕਾਰਡ ਸਸ਼ਕਤੀਕਰਨ ਦਾ ਪ੍ਰਤੀਕ ਵਰਗੇ ਹਨ। 

ਪਹਿਲੀ ਮੰਜ਼ਲ 'ਤੇ ਬਣੇ ਇਕ ਕੋਠੇ ਵਿਚ ਰਹਿਣ ਵਾਲੀ ਸੰਗੀਤਾ ਨੇ ਦਸਿਆ, ''ਸਾਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਤੋਂ ਕੋਈ ਉਮੀਦ ਨਹੀਂ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਮੈਂ ਇਕ ਪਾਰਟੀ ਨੂੰ ਵੋਟ ਦਿਤਾ ਸੀ। ਇਨ੍ਹਾਂ ਚੋਣਾਂ ਵਿਚ ਮੈਂ ਕਿਸੇ ਹੋਰ ਪਾਰਟੀ ਨੂੰ ਵੋਟ ਦੇਵਾਂਗੀ, ਪਰ ਮੈਨੂੰ ਉਨ੍ਹਾਂ ਤੋਂ ਵੀ ਕੋਈ ਉਮੀਦ ਨਹੀਂ ਹੈ।'' ਕਰੀਬ 35-40 ਸਾਲ ਦੀ ਉਮਰ ਦੀ ਸੰਗੀਤਾ 17 ਸਾਲ ਪਹਿਲਾਂ ਦੇਹ-ਵਪਾਰ ਵਿਚ ਆਈ ਸੀ। ਉਨ੍ਹਾਂ ਪਹਿਲੀ ਵਾਰ ਮਤਦਾਨ ਕਰੀਬ ਨੌਂ ਸਾਲ ਪਹਿਲਾਂ ਕੀਤਾ ਸੀ। 

ਕਈ ਔਰਤਾਂ ਨੇ ਕਿਹਾ ਕਿ ਹਾਲਾਤ ਨੇ ਉਨ੍ਹਾਂ ਨੂੰ ਦੇਹ-ਵਪਾਰ ਕਰਨ ਲਈ ਮਜ਼ਬੂਰ ਕਰ ਦਿਤਾ ਹੈ। ਵਜ੍ਹਾ ਅਲੱਗ -ਅਲੱਗ ਹੈ ਪਰ ਕਹਾਣੀਆਂ ਇਕੋ ਜਹੀਆਂ ਹਨ। ਕਈਆਂ ਨੇ ਦਸਿਆ ਕਿ ਗ਼ਰੀਬੀ ਦੇ ਬੋਝ ਹੇਠ ਦੱਬੇ ਉਨ੍ਹਾਂ ਦੇ ਪਰਵਾਰਾਂ ਨੇ ਉਨ੍ਹਾਂ ਨੂੰ ਦੇਹ-ਵਪਾਰ ਲਈ ਮਜ਼ਬੂਰ ਕਰ ਦਿਤਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਲਈ ਆਸਰਾ ਘਰ ਬਣਾਉਣ ਸਬੰਧੀ ਵਿਚਾਰ ਕਰਨਾ ਚਾਹੀਦਾ ਹੈ ਜਾਂ ਕੋਈ ਅਜਿਹਾ ਕਾਨੂੰਨ ਲਿਆਉਣਾ ਚਾਹੀਦਾ ਹੈ ਜਿਸ ਵਿਚ ਪੈਨਸ਼ਨ, ਬੱਚਿਆਂ ਦਾ ਭਵਿੱਖ ਸੁਰਖਿਅਤ ਕਰਨ ਅਤੇ ਕੰਮ ਦੇ ਘੰਟੇ ਨਿਰਧਾਰਤ ਕੀਤੇ ਜਾਣ।