ਕੇਰਲ : ਕਾਲਜ 'ਚ ਬੁਰਕਾ ਪਹਿਨਣ 'ਤੇ ਪਾਬੰਦੀ ਲੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਸਲਿਮ ਐਜੁਕੇਸ਼ਨ ਸੁਸਾਇਟੀ ਵੱਲੋਂ ਚਲਾਇਆ ਜਾਂਦਾ ਹੈ ਕਾਲਜ

Muslim Education Society Bans burqa for girl students in college

ਤਿਰੁਵਨੰਤਪੁਰਮ : ਸ੍ਰੀਲੰਕਾ 'ਚ ਬੁਰਕੇ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਭਾਰਤ 'ਚ ਵੀ ਇਸੇ ਮੁੱਦੇ 'ਤੇ ਚੱਲ ਰਹੀ ਤਿੱਖੀ ਬਹਿਸ ਵਿਚਕਾਰ ਕੇਰਲ ਦੇ ਇਕ ਕਾਲਜ ਨੇ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਵਿਦਿਆਰਥਣਾਂ ਬੁਰਕਾ ਪਹਿਨ ਕੇ ਕਾਲਜ ਨਾ ਆਉਣ। ਕੇਰਲ ਦੇ ਮੱਲਪੁਰਮ 'ਚ ਚਲਾਏ ਜਾ ਰਹੇ ਇਸ ਘੱਟਗਿਣਤੀ ਕਾਲਜ 'ਚ ਬੁਰਕਾ ਪਹਿਨਣ 'ਤੇ ਪਾਬੰਦੀ ਲਗਾਈ ਗਈ ਹੈ। ਇਹ ਕਾਲਜ ਮੁਸਲਿਮ ਐਜੁਕੇਸ਼ਨ ਸੁਸਾਇਟੀ ਵੱਲੋਂ ਚਲਾਇਆ ਜਾਂਦਾ ਹੈ।

ਕੁਝ ਸੰਗਠਨਾਂ ਨੇ ਇਸ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ 'ਚ ਈਸਟਰ ਵਾਲੇ ਦਿਨ ਲੜੀਵਾਰ 8 ਬੰਬ ਧਮਾਕਿਆਂ ਤੋਂ ਬਾਅਦ ਉੱਥੇ ਦੀ ਸਰਕਾਰ ਨੇ ਜਨਤਕ ਥਾਵਾਂ 'ਤੇ ਚਿਹਰਾ ਢਕਣ ਵਾਲੇ ਕਪੜਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਸ਼ਿਵ ਸੈਨਾ ਨੇ ਬੀਤੇ ਬੁਧਵਾਰ ਭਾਰਤ 'ਚ ਵੀ ਬੁਰਕੇ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।

ਸ਼ਿਵ ਸੈਨਾ ਨੇ ਆਪਣੇ ਅਖ਼ਬਾਰ 'ਸਾਮਨਾ' ਵਿਚ ਕਿਹਾ ਸੀ ਕਿ ਇਸ ਪਾਬੰਦੀ ਦੀ ਸਿਫ਼ਾਰਸ਼ ਇਸ ਲਈ ਕੀਤੀ ਜਾ ਰਹੀ ਹੈ ਤਾ ਕਿ ਸੁਰੱਖਿਆ ਬਲਾਂ ਨੂੰ ਕਿਸੇ ਨੂੰ ਪਛਾਨਣ 'ਚ ਪ੍ਰੇਸ਼ਾਨੀ ਨਾ ਹੋਵੇ। ਨਕਾਬ ਜਾਂ ਬੁਰਕਾ ਪਹਿਨੇ ਲੋਕ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹੋ ਸਕਦੇ ਹਨ।