ਈਸਟਰ ਹਮਲਿਆਂ ਤੋਂ ਬਾਅਦ ਸ਼੍ਰੀਲੰਕਾ ਬੁਰਕਾ ਪਹਿਨਣ ’ਤੇ ਲਗਾ ਸਕਦੈ ਰੋਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਵੱਡੀ ਗਿਣਤੀ ਵਿਚ ਔਰਤਾਂ ਦੇ ਸ਼ਾਮਿਲ ਹੋਣ ਦੇ ਮਿਲੇ ਸੰਕੇਤ

Sri Lanka May Ban Burqa

ਕੋਲੰਬੋ: ਈਸਟਰ ਵਾਲੇ ਦਿਨ ਕਈ ਥਾਵਾਂ ਉਤੇ ਹੋਏ ਧਮਾਕੇ ਵਿਚ 350 ਤੋਂ ਵੱਧ ਲੋਕਾਂ ਦੀ ਮੌਤ ਤੋਂ ਬਾਅਦ ਸ਼੍ਰੀਲੰਕਾ ਬੁਰਕੇ ਪਹਿਨਣ ਉਤੇ ਰੋਕ ਲਗਾ ਸਕਦਾ ਹੈ। ਹਮਲੇ ਤੋਂ ਬਾਅਦ ਜਾਂਚ ਦੌਰਾਨ ਸ਼ੱਕੀਆਂ ਤੇ ਹੋਰ ਸਬੂਤਾਂ ਨਾਲ ਹਮਲੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਦੇ ਸ਼ਾਮਿਲ ਹੋਣ ਦੇ ਸੰਕੇਤ ਮਿਲੇ ਹਨ। ਇਸ ਹਮਲੇ ਵਿਚ 500 ਤੋਂ ਵੱਧ ਲੋਕ ਜਖ਼ਮੀ ਵੀ ਹੋਏ ਹਨ।

ਡੇਲੀ ਮਿਰਰ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਸ਼੍ਰੀਲੰਕਾਈ ਸਰਕਾਰ ਮਸਜਿਦ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਕਦਮ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਸੋਮਵਾਰ ਨੂੰ ਕਈ ਮੰਤਰੀਆਂ ਨੇ ਇਸ ਮਾਮਲੇ ਉਤੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨਾਲ ਗੱਲ ਕੀਤੀ। ਇਸ ਰਿਪੋਰਟ ਦੇ ਮੁਤਾਬਕ, ਰੱਖਿਆ ਸੂਤਰਾਂ ਨੇ ਦੱਸਿਆ ਕਿ ਡੇਮਾਟਾਗੋਡਾ ਘਟਨਾਵਾਂ ਵਿਚ ਸ਼ਾਮਿਲ ਰਹੀਆਂ ਕਈ ਔਰਤਾਂ ਵੀ ਬੁਰਕਾ ਪਹਿਨ ਕੇ ਭੱਜ ਗਈਆਂ।

ਡੇਲੀ ਮਿਰਰ ਅਖ਼ਬਾਰ ਦੇ ਮੁਤਾਬਕ, ਚਾਡ, ਕੈਮਰੂਨ, ਗਾਬੋਨ, ਮੋਰੱਕੋ, ਆਸਟਰੀਆ, ਬੁਲਗਾਰੀਆ, ਡੈੱਨਮਾਰਕ, ਫ਼ਰਾਂਸ, ਬੈਲਜੀਅਮ ਅਤੇ ਉੱਤਰ ਪੱਛਮ ਚੀਨ ਦੇ ਮੁਸਲਮਾਨ ਬਹੁਲ ਪ੍ਰਾਂਤ ਸ਼ਿਨਜੀਆਂਗ ਵਿਚ ਬੁਰਕਾ ਪਹਿਨਣ ਉਤੇ ਰੋਕ ਹੈ। ਦੂਜੀ ਪਾਸੇ, ਸ਼੍ਰੀਲੰਕਾ ਵਿਚ ਕਈ ਥਾਵਾਂ ਉਤੇ ਹੋਏ ਬੰਬ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜੋ ਹੁਣ ਵਧ ਕੇ 359 ਹੋ ਗਈ ਹੈ। ਜਿਸ ਵਿਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ।

ਪੁਲਿਸ ਬੁਲਾਰੇ ਰੁਵਾਨ ਗੁਨਸੇਕਰਾ ਨੇ ਕਿਹਾ ਕਿ ਹੁਣ ਤੱਕ 58 ਸ਼ੱਕੀ ਲੋਕਾਂ ਨੂੰ ਦੇਸ਼ ਦੇ ਕਈ ਖੇਤਰਾਂ ਤੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਅਤਿਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨੇ ਮੰਗਲਵਾਰ ਨੂੰ ਇਸ ਅਤਿਵਾਦੀ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਸ਼੍ਰੀਲੰਕਾ ਪੁਲਿਸ ਮੁਤਾਬਕ, ਬੁੱਧਵਾਰ ਸਵੇਰੇ ਘੱਟ ਤੋਂ ਘੱਟ 18 ਹੋਰ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਵਾਰਕਾਪੋਲਾ ਵਿਚ ਇਕ ਘਰ ਤੋਂ ਪੁਲਿਸ ਨੇ ਚਾਰ ਵਾਕੀ-ਟਾਕੀ ਅਤੇ ਇਕ ਮੋਟਰਸਾਈਕਲ ਬਰਾਮਦ ਕੀਤੀ ਹੈ ਜੋ ਇਥੋਂ ਲਗਭੱਗ 56 ਕਿਲੋਮੀਟਰ ਦੂਰ ਹੈ। ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿਚ ਘੱਟ ਤੋਂ ਘੱਟ 34 ਵਿਦੇਸ਼ੀ ਨਾਗਰਿਕ ਹਨ।