ਅਤਿਵਾਦੀ ਹਮਲੇ ਤੋਂ ਬਾਅਦ ਸ੍ਰੀਲੰਕਾ 'ਚ ਬੁਰਕਾ ਅਤੇ ਨਕਾਬ 'ਤੇ ਪਾਬੰਦੀ ਲਗਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ੍ਰੀਲੰਕਾ 'ਚ 8 ਲੜੀਵਾਰ ਬੰਬ ਧਮਾਕਿਆਂ 'ਚ 253 ਲੋਕ ਮਾਰੇ ਗਏ ਸਨ

Sri Lanka bans veil in public places after Easter blasts

ਕੋਲੰਬੋ : ਈਸਟਰ ਵਾਲੇ ਦਿਨ 21 ਅਪ੍ਰੈਲ ਨੂੰ ਅਤਿਵਾਦੀ ਹਮਲੇ ਤੋਂ ਬਾਅਦ ਸ੍ਰੀਲੰਕਾ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਚਿਹਰਾ ਢਕਣ ਵਾਲੀ ਹਰ ਚੀਜ਼ ਜਿਵੇਂ ਬੁਰਕਾ ਅਤੇ ਨਕਾਬ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਜਾਣਕਾਰੀ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਟਵੀਟ ਰਾਹੀਂ ਦਿੱਤੀ। ਜ਼ਿਕਰਯੋਗ ਹੈ ਕਿ ਸ੍ਰੀਲੰਕਾ 'ਚ 8 ਲੜੀਵਾਰ ਬੰਬ ਧਮਾਕਿਆਂ 'ਚ 253 ਲੋਕਾਂ ਦੀ ਮੌਤ ਹੋ ਗਈ ਸੀ।

ਸਿਰੀਸੈਨਾ ਨੇ ਕਿਹਾ ਕਿ ਉਨ੍ਹਾਂ ਨੇ ਆਪਾਤਕਾਲੀਨ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਚਿਹਰਾ ਢਕਣ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਹੈ। ਸਰਕਾਰ ਵੱਲੋਂ ਇਹ ਫ਼ੈਸਲਾ ਇਕ ਸੰਸਦ ਮੈਂਬਰ ਵੱਲੋਂ ਸੰਸਦ ਵਿਚ ਨਿੱਜੀ ਬਿੱਲ ਲਿਆਉਣ ਮਗਰੋਂ ਲਿਆ ਗਿਆ। ਸੰਸਦ ਮੈਂਬਰ ਆਸ਼ੂ ਮਰਾਸਿੰਘੇ ਨੇ ਕਿਹਾ ਸੀ ਕਿ ਪਹਿਰਾਵਾ 'ਰਵਾਇਤੀ ਮੁਸਲਿਮ ਪੁਸ਼ਾਕ' ਨਹੀਂ ਸੀ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਹਮਲਾ ਕਰਨ ਵਾਲਿਆਂ ਵਿਚ ਇਕ ਮਹਿਲਾ ਵੀ ਸ਼ਾਮਲ ਸੀ। ਉਸ ਮਹਿਲਾ ਨੇ ਬੁਰਕਾ ਪਹਿਨਿਆ ਸੀ। ਇਸੇ ਕਾਰਨ ਇੱਥੇ ਬੁਰਕਾ ਪਾਉਣ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। 

ਜ਼ਿਕਰਯੋਗ ਹੈ ਕਿ 21 ਅਪ੍ਰੈਲ ਨੂੰ ਚਰਚਾਂ ਅਤੇ ਪੰਜ ਸਿਤਾਰਾ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਬੰਬ ਧਮਾਕੇ ਕੀਤੇ ਗਏ ਸਨ। ਇਨ੍ਹਾਂ ਧਮਾਕਿਆਂ ਵਿਚ ਕਰੀਬ 253 ਲੋਕਾਂ ਦੀ ਮੌਤ ਹੋ ਗਈ ਅਤੇ 500 ਲੋਕ ਜ਼ਖਮੀ ਹੋਏ ਸਨ।