ਨਵੀਂ ਦਿੱਲੀ: ਵਿਦੇਸ਼ੀ ਨੋਟਾਂ ਨੂੰ ਦੇਸ਼ ਵਿਚ ਆਉਣ ਤੋਂ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਇਹ ਭਾਰਤ ਦੇ ਪੂਰਬੀ ਸਰਹੱਦੀ ਇਲਾਕਿਆਂ ਵਿਚ ਵੱਡੇ ਪੈਮਾਨੇ ਤੇ ਪਹੁੰਚਣਾ ਸ਼ੁਰੂ ਹੋ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ ਦੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਸਥਿਤ ਆਈਐਸਆਈ ਅਤੇ ਡੀ-ਕੰਪਨੀ ਦੀ ਬਦੌਲਤ ਦੇਸ਼ ਵਿਚ ਨਕਲੀ ਨੋਟਾਂ ਦੀ ਸਪਲਾਈ ਦੁਬਾਰਾ ਸ਼ੁਰੂ ਹੋ ਗਈ ਹੈ।
ਨੇਪਾਲ ਵਿਚ ਗੈਂਗਸਟਰ ਯੂਨਸ ਅੰਸਾਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਕਲੀ ਨੋਟਾਂ ਦਾ ਕਾਰੋਬਾਰ ਕਰਨ ਵਾਲੇ ਇਸ ਗਰੁਪ ਦਾ ਪਤਾ ਚਲਿਆ ਹੈ। ਭਾਰਤੀ ਅਧਿਕਾਰੀਆਂ ਅਨੁਸਾਰ ਅਜਿਹਾ ਮੰਨਿਆ ਜਾਂਦਾ ਹੈ ਕਿ ਅੰਸਾਰੀ ਦੇ ਆਈਐਸਆਈ ਅਤੇ ਦਾਉਦ ਇਬਰਾਹਿਮ ਨਾਲ ਕਰੀਬੀ ਸਬੰਧ ਹਨ ਅਤੇ ਉਹ ਨਕਲੀ ਨੋਟਾਂ ਦਾ ਕਾਰੋਬਾਰ ਕਰਨ ਵਾਲੀ ਗੈਂਗ ਦਾ ਸਭ ਤੋਂ ਵੱਡਾ ਖਿਡਾਰੀ ਹੈ।
ਅੰਸਾਰੀ ਦੇ ਨਾਲ ਨਾਲ ਤਿੰਨ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਹਨਾਂ ਦੀ ਪਹਿਚਾਣ ਮੁਹੰਮਦ ਅਖ਼ਤਰ, ਨਾਦਿਆ ਅਨਵਰ ਅਤੇ ਨਸੀਰੁਦੀਨ ਦੇ ਰੂਪ ਵਿਚ ਕੀਤੀ ਗਈ ਹੈ। ਇਕ ਅਧਿਕਾਰੀ ਨੇ ਦਸਿਆ ਕਿ ਗ੍ਰਿਫ਼ਤਾਰੀ ਦੇ ਸਮੇਂ ਅੰਸਾਰੀ ਅਤੇ ਉਹਨਾਂ ਦੇ ਸਹਿਯੋਗੀਆਂ ਕੋਲ ਸੱਤ ਕਰੋੜ ਰੁਪਏ ਦੇ ਨਕਲੀ ਨੋਟ ਬਰਾਮਦ ਹੋਏ ਹਨ।
ਅੰਸਾਰੀ ਦੀ ਗ੍ਰਿਫ਼ਤਾਰੀ ਤੋਂ ਇਹ ਵੀ ਪਤਾ ਚਲਿਆ ਹੈ ਕਿ ਭਾਰਤ ਵਿਚ ਨਕਲੀ ਨੋਟ ਭਰਨ ਦਾ ਜਰੀਆ ਹੁਣ ਨੇਪਾਲ ਨਹੀਂ ਰਿਹਾ ਬਲਕਿ ਬੰਗਲਾਦੇਸ਼ ਨਾਲ ਲਗਦੀ ਭਾਰਤ ਦੀ ਪੂਰਬੀ ਸਰਹੱਦ ਦੇ ਰਾਸਤੇ ਨਕਲੀ ਨੋਟ ਆ ਰਹੇ ਹਨ। ਦਸਣਯੋਗ ਹੈ ਕਿ ਪਾਕਿਸਤਾਨ ਪਹਿਲਾਂ ਭਾਰਤ ਵਿਚ ਨਕਲੀ ਨੋਟ ਭੇਜਣ ਲਈ ਨੇਪਾਲ ਦੇ ਰਾਸਤੇ ਦਾ ਉਪਯੋਗ ਕਰਦਾ ਸੀ। ਇਹ ਗੱਲ ਐਨਆਈਏ ਦੀ ਜਾਂਚ ਏਜੰਸੀ ਵਿਚ ਸਾਹਮਣੇ ਆਈ ਹੈ।
ਹਾਲ ਹੀ ਵਿਚ ਪੱਛਮ ਬੰਗਾਲ ਦੇ ਇਕ ਆਦਮੀ ਨੂੰ 10 ਲੱਖ ਰੁਪਏ ਦੇ ਨਕਲੀ ਨੋਟਾਂ ਨਾਲ ਆਨੰਦ ਵਿਹਾਰ ਰੇਲਵੇ ਸਟੇਸ਼ਨ ਤੋਂ ਫੜਿਆ ਹੈ। ਪੁਛਗਿਛ ਦੌਰਾਨ ਅਰੋਪੀ ਨੇ ਇਸ ਗਲ ਦਾ ਖੁਲਾਸਾ ਕੀਤਾ ਹੈ ਕਿ ਨਕਲੀ ਨੋਟ ਬੰਗਲਾਦੇਸ਼ ਵਿਚ ਛਾਪੇ ਗਏ ਸਨ ਅਤੇ ਰਾਸ਼ਟਰੀ ਰਾਜਧਾਨੀ ਦੇ ਬਜ਼ਾਰਾਂ ਵਿਚ ਚਲਾਉਣ ਦੀ ਯੋਜਨਾ ਸੀ।