ਅਰਥਪੂਰਨ ਗੱਲਬਾਤ ਲਈ ਦਹਿਸ਼ਤ ਰੋਕੇ ਪਾਕਿਸਤਾਨ : ਭਾਰਤ
ਸਰਕਾਰ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਅਰਥਪੂਰਨ ਗੱਲਬਾਤ ਦਹਿਸ਼ਤ ਦੇ ਪ੍ਰਛਾਵੇਂ ਤੋਂ ਮੁਕਤ ਮਾਹੌਲ ਵਿਚ ਹੀ ਸੰਭਵ ਹੈ ਅਤੇ ਅਜਿਹਾ ਸੁਖਾਵਾਂ ਮਾਹੌਲ ਪੈਦਾ ਕਰਨਾ..........
ਨਵੀਂ ਦਿੱਲੀ : ਸਰਕਾਰ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਅਰਥਪੂਰਨ ਗੱਲਬਾਤ ਦਹਿਸ਼ਤ ਦੇ ਪ੍ਰਛਾਵੇਂ ਤੋਂ ਮੁਕਤ ਮਾਹੌਲ ਵਿਚ ਹੀ ਸੰਭਵ ਹੈ ਅਤੇ ਅਜਿਹਾ ਸੁਖਾਵਾਂ ਮਾਹੌਲ ਪੈਦਾ ਕਰਨਾ ਇਸਲਾਮਾਬਾਦ ਦੀ ਜ਼ਿੰਮੇਵਾਰੀ ਹੈ। ਲੋਕ ਸਭਾ ਵਿਚ ਸਵਾਲ ਦੇ ਲਿਖਤੀ ਜਵਾਬ ਵਿਚ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਲੋਂ ਸਰਹੱਦ ਪਾਰ ਤੋਂ ਫੈਲਾਇਆ ਜਾ ਰਿਹਾ ਅਤਿਵਾਦ ਭਾਰਤ ਲਈ ਹਾਲੇ ਵੀ ਚਿੰਤਾ ਦਾ ਵਿਸ਼ਾ ਹੈ। ਭਾਰਤ ਨੇ ਪਾਕਿਸਤਾਨ ਨੂੰ ਵਾਰ-ਵਾਰ ਕਿਹਾ ਹੈ ਕਿ ਉਹ ਵਾਅਦੇ 'ਤੇ ਖਰਾ ਉਤਰੇ ਕਿ ਉਹ ਅਪਣੀ ਧਰਤੀ ਦੀ ਵਰਤੋਂ ਅਤਿਵਾਦ ਲਈ ਨਹੀਂ ਹੋਣ ਦੇਵੇਗਾ।
ਉਨ੍ਹਾਂ ਕਿਹਾ, 'ਪਾਕਿਸਤਾਨ ਨੂੰ ਅਤਿਵਾਦ ਖ਼ਤਮ ਕਰਨ ਅਤੇ ਅਤਿਵਾਦੀ ਟਿਕਾਣੇ ਨਸ਼ਟ ਕਰਨ ਲਈ ਅਸਰਦਾਰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਜਦ ਤਕ ਅਜਿਹਾ ਨਹੀਂ ਹੁੰਦਾ, ਭਾਰਤ ਸਰਹੱਦ ਪਾਰਲੇ ਅਤਿਵਾਦ ਦਾ ਜਵਾਬ ਦੇਣ ਲਈ ਸਖ਼ਤ ਅਤੇ ਫ਼ੈਸਲਾਕੁਨ ਕਦਮ ਚੁਕਦਾ ਰਹੇਗਾ। ਉਨ੍ਹਾਂ ਕਿਹਾ, 'ਕੋਈ ਵੀ ਅਰਥਪੂਰਨ ਗੱਲਬਾਤ ਦਹਿਸ਼ਤ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿਚ ਹੀ ਕੀਤੀ ਜਾ ਸਕਦੀ ਹੈ। ਪਾਕਿਸਤਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਅਜਿਹਾ ਮਾਹੌਲ ਪੈਦਾ ਕਰੇ।'
ਇਹ ਪੁੱਛੇ ਜਾਣ 'ਤੇ ਕਿ ਕੀ ਗੁਆਂਢੀ ਮੁਲਕਾਂ ਨੇ ਭਾਰਤੀ ਖ਼ਿੱਤਿਆਂ 'ਤੇ ਗ਼ੈਰਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ ਤਾਂ ਵੀ ਕੇ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਜੰਮੂ ਅਤੇ ਕਸ਼ਮੀਰ ਵਿਚ 78000 ਸਕਵੇਅਰ ਕਿਲਮੀਟਰ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਚੀਨ ਨੇ 1962 ਤੋਂ ਜੰਮੂ ਕਸ਼ਮੀਰ ਵਿਚ 38 ਹਜ਼ਾਰ ਸਕਵੇਅਰ ਮਿਲੋਮੀਟਰ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ। (ਏਜੰਸੀ)