ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਵੇਗਾ ਆਯੁੱਧਿਆ 'ਚ ਰਾਮ ਮੰਦਰ ਨਿਰਮਾਣ : ਰਾਮਵਿਲਾਸ ਵੇਦਾਂਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀਰਾਮ ਜਨਮ ਭੂਮੀ ਆਯੁੱਧਿਆ ਟਰੱਸਟ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਡਾ. ਰਾਮ ਵਿਲਾਸ ਵੇਦਾਂਤੀ ਮਹਾਰਾਜ ਨੇ ਆਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਅਗਲੇ ਸਾਲ...

Ram Vilas Vedanti

ਜੈਪੁਰ : ਸ੍ਰੀਰਾਮ ਜਨਮ ਭੂਮੀ ਆਯੁੱਧਿਆ ਟਰੱਸਟ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਡਾ. ਰਾਮ ਵਿਲਾਸ ਵੇਦਾਂਤੀ ਮਹਾਰਾਜ ਨੇ ਆਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਅਗਲੇ ਸਾਲ ਆਮ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਣ ਦੀ ਉਮੀਦ ਪ੍ਰਗਾਉਂਦੇ ਹੋਏ ਕਿਹਾ ਹੈ ਕਿ ਦੁਨੀਆ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਹਿੰਦੂ ਅਤੇ ਮੁਸਲਮਾਨਾਂ ਨੂੰ ਇਕ ਹੋਣਾ ਪਵੇਗਾ। 

ਮਿਸ਼ਨ ਮੋਦੀ ਅਗੇਨ ਪੀਐਮ ਮੁਹਿੰਮ ਦੇ ਸਿਲਸਿਲੇ ਵਿਚ ਇੱਥੇ ਆਏ ਸਾਬਕਾ ਸਾਂਸਦ ਵੇਦਾਂਤੀ ਨੇ ਖ਼ਬਰ ਏਜੰਸੀ ਨੂੰ ਦਸਿਆ ਕਿ ਇਸਲਾਮ ਨੂੰ ਹਿੰਦੂਆਂ ਤੋਂ ਖ਼ਤਰਾ ਨਹੀਂ ਹੈ, ਇਸ ਲਈ ਵਿਸ਼ਵ ਦੇ ਮੁਸਲਮਾਨ ਭਾਰਤ ਦੇ ਨਾਲ ਸਮਝੌਤਾ ਕਰਕੇ ਆਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਜਲਦ ਤੋਂ ਜਲਦ ਚਾਹੁੰਦੇ ਹਨ। ਵੇਦਾਂਤੀ ਦੇ ਅਨੁਸਾਰ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਇਸੇ ਤਰ੍ਹਾਂ ਅੱਗੇ ਵਧਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਹੈ ਜਦੋਂ ਆਯੁੱਧਿਆ ਵਿਚ ਮੰਦਰ ਬਣਨਾ ਸ਼ੁਰੂ ਹੋਵੇਗਾ।

ਉਨ੍ਹਾਂ ਨੇ ਇਸ ਮਾਮਲੇ ਵਿਚ ਅਧਿਆਤਮਕ ਗੁਰੂ ਸ੍ਰੀ ਰਵੀਸ਼ੰਕਰ ਦੀ ਭੂਮਿਕਾ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ਦਿਤਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ੍ਰੀ ਸ੍ਰੀ ਰਵੀ ਸ਼ੰਕਰ ਕੌਣ ਹੁੰਦੇ ਹਨ ਸਮਝੌਤਾ ਕਰਵਾਉਣ ਵਾਲੇ, ਸੰਘਰਸ਼ ਅਸੀਂ ਕੀਤਾ, ਸ੍ਰੀ ਸ੍ਰੀ ਕਿਥੋਂ ਆ ਗਏ? ਉਨ੍ਹਾਂ ਕਿਹਾ ਕਿ ਐਨਜੀਓ ਚਲਾਉਣ ਵਾਲੇ ਇਸ ਮਾਮਲੇ ਵਿਚ ਕੁੱਝ ਨਹੀਂ ਕਰ ਸਕਦੇ। ਵੇਦਾਂਤੀ ਨੇ ਕਿਹਾ ਕਿ ਸ਼ੀਆ ਸਮਾਜ ਨੇ ਲਿਖ ਕੇ ਦੇ ਦਿਤਾ ਹੈ ਕਿ ਉਹ ਮਸਜਿਦ ਲਖਨਊ ਵਿਚ ਬਣਾਉਣਾ ਚਾਹੁੰਦੇ ਹਨ। ਇਸ ਦੇ ਲਈ ਅਸੀਂ ਤਿਆਰ ਹਾਂ।

ਮਸਜਿਦ ਜਾਂ ਤਾਂ ਆਯੁੱਧਿਆ ਤੋਂ 15 ਕਿਲੋਮੀਟਰ ਦੂਰ ਸ਼ਾਹਨਵਾ ਵਿਚ ਬਣ ਸਕਦੀ ਹੈ ਜਾਂ ਫਿਰ ਲਖਨਊ ਦੇ ਸ਼ੀਆ ਬਹੁਤਾਤ ਵਾਲੇ ਖੇਤਰ ਵਿਚ ਬਣ ਸਕਦੀ ਹੈ।ਦਸ ਦਈਏ ਕਿ ਆਯੁੱਧਿਆ ਵਿਚ ਰਾਮ ਮੰਦਰ ਬਣਾਉਣ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਚਲਦਾ ਆ ਰਿਹਾ ਹੈ। ਭਾਜਪਾ ਇਸ ਮੁੱਦੇ 'ਤੇ ਅਪਣੀਆਂ ਸਿਆਸੀ ਰੋਟੀਆਂ ਸੇਕਦੀ ਆ ਰਹੀ ਹੈ। ਹੁਣ ਜਦੋਂ ਸੱਤਾ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਉਸ ਨੂੰ ਸੱਤਾ ਵਿਚ ਆਇਆਂ ਪੂਰੇ ਪੰਜ ਸਾਲ ਹੋਣ ਵਾਲੇ ਹਨ। ਇਸ ਕਾਰਜਕਾਲ ਦੌਰਾਨ ਤਾਂ ਉਹ ਰਾਮ ਮੰਦਰ ਬਣਾ ਨਹੀਂ ਸਕੀ, ਤਾਂ ਹੁਣ  2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਇਹ ਮੰਗ ਫਿਰ ਤੋਂ ਉਠਣੀ ਸ਼ੁਰੂ ਹੋ ਗਈ ਹੈ।