ਆਯੁੱਧਿਆ ’ਚ ਬਣੇਗੀ ਸ੍ਰੀਰਾਮ ਦੀ ਸਭ ਤੋਂ ਉੱਚੀ ਮੂਰਤੀ
ਯੋਗੀ ਸਰਕਾਰ ਨੇ 446.46 ਕਰੋੜ ਕੀਤੇ ਮਨਜ਼ੂਰ, ਡਿਜ਼ੀਟਲ ਅਜ਼ਾਇਬਘਰ ਦੀ ਵੀ ਹੋਵੇਗੀ ਉਸਾਰੀ
ਨਵੀਂ ਦਿੱਲੀ- ਰਾਮ ਮੰਦਰ ’ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਵਿਚ ਭਾਵੇਂ ਹਾਲੇ ਕੁੱਝ ਦਿਨ ਬਾਕੀ ਹਨ ਪਰ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਆਯੁੱਧਿਆ ਵਿਚ ਸ੍ਰੀਰਾਮ ਦੀ ਵਿਸ਼ਾਲ ਮੂਰਤੀ ਸਥਾਪਿਤ ਕਰਨ ਅਤੇ ਨਾਲ ਹੀ ਇਕ ਡਿਜ਼ੀਟਲ ਅਜ਼ਾਇਬਘਰ ਦੀ ਉਸਾਰੀ ਲਈ 446.46 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ਹੇਠ ਹੋਈ ਕੈਬਿਨੇਟ ਦੀ ਮੀਟਿੰਗ ’ਚ ਲਿਆ ਗਿਆ।
ਸੂਬਾ ਸਰਕਾਰ ਵੱਲੋਂ ਇਹ ਫ਼ੈਸਲਾ ਅਜਿਹੇ ਸਮੇਂ ਕੀਤਾ ਗਿਆ ਜਦੋਂ ਆਯੁੱਧਿਆ ਵਿਚ ਰਾਮ ਮੰਦਰ ’ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਵਿਚ ਕੁੱਝ ਦਿਨ ਬਾਕੀ ਰਹਿ ਗਏ ਹਨ। ਯੋਗੀ ਸਰਕਾਰ ਦੇ ਇਸ ਫ਼ੈਸਲੇ ਨੂੰ ਭਾਜਪਾ ਵਾਲਿਆਂ ਵੱਲੋਂ ਅਯੁੱਧਿਆ ਦੇ ਵਿਕਾਸ ਲਈ ਵੱਡਾ ਕਦਮ ਦੱਸਿਆ ਜਾ ਰਿਹਾ ਹੈ। ਰਾਜ ਸਰਕਾਰ ਦੇ ਬੁਲਾਰੇ ਤੇ ਊਰਜਾ ਮੰਤਰੀ ਸ੍ਰੀਕਾਂਤ ਸ਼ਰਮਾ ਅਤੇ ਖਾਦੀ ਗ੍ਰਾਮ ਉਦਯੋਗ ਮੰਤਰੀ ਸਿਧਾਰਥ ਨਾਥ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ
ਕਿ ਅਯੁੱਧਿਆ ਵਿਚ ਸੈਰ ਸਪਾਟੇ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਭਗਵਾਨ ਸ੍ਰੀਰਾਮ ਦੀ ਵਿਸ਼ਾਲ ਮੂਰਤੀ, ਉਨ੍ਹਾਂ ’ਤੇ ਆਧਾਰਤ ਡਿਜ਼ੀਟਲ ਮਿਊਜ਼ੀਅਮ ਭਾਵ ਅਜ਼ਾਇਬਘਰ, ਇੰਟਰਪ੍ਰੇਟੇਸ਼ਨ ਸੈਂਟਰ, ਲਾਇਬ੍ਰੇਰੀ, ਪਾਰਕਿੰਗ, ਫ਼ੂਡ ਪਲਾਜ਼ਾ ਆਦਿ ਦੀ ਸਥਾਪਨਾ ਲਈ 61.3807 ਹੈਕਟੇਅਰ ਜ਼ਮੀਨ ਦੀ ਖਰੀਦ ਲਈ 447.46 ਕਰੋੜ ਰੁਪਏ ਦੇ ਪੇਸਕਸ਼ ਨੂੰ ਪ੍ਰਵਾਨਗੀ ਦਿਤੀ ਗਈ ਹੈ।
ਦਰਅਸਲ ਜਿਸ ਸਮੇਂ ਗੁਜਰਾਤ ਵਿਚ ਕਰੀਬ 3 ਹਜ਼ਾਰ ਕਰੋੜ ਦੀ ਲਾਗਤ ਨਾਲ ਸਰਦਾਰ ਵੱਲਭ ਭਾਈ ਪਟੇਲ ਦੀ ਵਿਸ਼ਾਲ ਮੂਰਤੀ ਲਗਾਈ ਗਈ ਸੀ, ਉਸ ਸਮੇਂ ਹੀ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਐਲਾਨ ਕਰ ਦਿੱਤਾ ਸੀ ਕਿ ਇਸ ਦੀ ਤਰਜ਼ ’ਤੇ ਆਯੁੱਧਿਆ ਵਿਚ ਵੀ ਸ੍ਰੀਰਾਮ ਦੀ ਇਸ ਤੋਂ ਵੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਜਾਵੇਗੀ। ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਪ੍ਰਸਤਾਵਿਤ ਰਾਮ ਮੂਰਤੀ ਦੀ ਤਸਵੀਰ ਵੀ ਜਾਰੀ ਕੀਤੀ ਗਈ ਸੀ।
ਆਯੁੱਧਿਆ ਵਿਚ ਸਥਾਪਿਤ ਹੋਣ ਵਾਲੀ ਰਾਮ ਦੀ ਮੂਰਤੀ 151 ਮੀਟਰ ਉਚੀ ਹੋਵੇਗੀ ਜਦਕਿ ਉਸ ਦੇ ਉਪਰ 20 ਮੀਟਰ ਉਚਾ ਛਤਰ ਅਤੇ 50 ਮੀਟਰ ਦਾ ਆਧਾਰ ਬੇਸ ਬਣਾਇਆ ਜਾਵੇਗਾ। ਯਾਨੀ ਮੂਰਤੀ ਦੀ ਕੁੱਲ ਉਚਾਈ 221 ਮੀਟਰ ਹੋਵੇਗੀ। ਇਸ ਦੇ ਨਾਲ ਹੀ ਜੋ ਮੂਰਤੀ ਦੇ ਬੇਸ ਅੰਦਰ ਸ਼ਾਨਦਾਰ ਮਿਊਜ਼ੀਅਮ ਬਣਾਇਆ ਜਾਵੇਗਾ ਉਸ ਵਿਚ ਆਯੁੱਧਿਆ ਦਾ ਇਤਿਹਾਸ, ਰਾਮ ਜਨਮ ਭੂਮੀ ਦਾ ਇਤਿਹਾਸ, ਭਗਵਾਨ ਵਿਸ਼ਨੂੰ ਦੇ ਸਾਰੇ ਅਵਤਾਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਆਯੁੱਧਿਆ ਵਿਚ ਸਥਾਪਿਤ ਹੋਣ ਵਾਲੀ ਰਾਮ ਦੀ ਇਹ ਮੂਰਤੀ ਵਿਸ਼ਵ ਦੀ ਸਭ ਤੋਂ ਉਚੀ ਮੂਰਤੀ ਹੋਵੇਗੀ।
ਦੱਸ ਦਈਏ ਕਿ ਪਹਿਲਾਂ ਗੁਜਰਾਤ ਵਿਚ ਮੋਦੀ ਸਰਕਾਰ ਵੱਲੋਂ ਲਗਾਈ ਗਈ ਸਰਦਾਰ ਵੱਲਭ ਭਾਈ ਪਟੇਲ ਦੀ ਵਿਸ਼ਾਲ ਮੂਰਤੀ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ ਕਿਉਂਕਿ ਇਸ ਮੂਰਤੀ ਦੀ ਲਾਗਤ ਕਰੀਬ 3 ਹਜ਼ਾਰ ਕਰੋੜ ਰੁਪਏ ਦੱਸੀ ਗਈ ਸੀ। ਜੇਕਰ ਆਯੁਧਿਆ ਵਿਚ ਸ੍ਰੀਰਾਮ ਦੀ ਮੂਰਤੀ ਇਸ ਤੋਂ ਵੀ ਉਚੀ ਬਣਾਈ ਜਾਵੇਗੀ ਤਾਂ ਜ਼ਾਹਿਰ ਹੈਕਿ ਇਸ ਦੀ ਲਾਗਤ ਉਸ ਤੋਂ ਜ਼ਿਆਦਾ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।