ਗਾਂਧੀ ਪਰਿਵਾਰ ’ਤੇ ਪ੍ਰਸ਼ਾਂਤ ਕਿਸ਼ੋਰ ਦਾ ਹਮਲਾ, 'ਕਾਂਗਰਸ ਲੀਡਰਸ਼ਿਪ ਕਿਸੇ ਇਕ ਵਿਅਕਤੀ ਦੀ ਜਾਗੀਰ ਨਹੀਂ'
ਮਸ਼ਹੂਰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਲੀਡਰਸ਼ਿਪ 'ਤੇ ਹਮਲੇ ਬੋਲ ਰਹੇ ਹਨ।
ਨਵੀਂ ਦਿੱਲੀ: ਮਸ਼ਹੂਰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਲੀਡਰਸ਼ਿਪ 'ਤੇ ਹਮਲੇ ਬੋਲ ਰਹੇ ਹਨ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਵੀਰਵਾਰ ਨੂੰ ਇਕ ਟਵੀਟ ਕਰਕੇ ਮਜ਼ਬੂਤ ਵਿਰੋਧੀ ਧਿਰ ਦੀ ਅਗਵਾਈ ਨੂੰ ਲੈ ਕੇ ਕਾਂਗਰਸ ਦੀ ਕਥਿਤ ਦਾਅਵੇਦਾਰੀ 'ਤੇ ਸਵਾਲ ਚੁੱਕੇ ਹਨ।
ਉਹਨਾਂ ਲਿਖਿਆ, “ਕਾਂਗਰਸ ਜਿਸ ਵਿਚਾਰ ਅਤੇ ਸਥਾਨ ਦੀ ਨੁਮਾਇੰਦਗੀ ਕਰਦੀ ਹੈ, ਉਹ ਮਜ਼ਬੂਤ ਵਿਰੋਧੀ ਧਿਰ ਲਈ ਮਹੱਤਵਪੂਰਨ ਹੈ ਪਰ ਕਾਂਗਰਸ ਲੀਡਰਸ਼ਿਪ ਇਕ ਵਿਅਕਤੀ ਦੀ ਜਾਗੀਰ ਨਹੀਂ ਹੋਣੀ ਚਾਹੀਦੀ, ਖਾਸ ਕਰਕੇ ਉਦੋਂ ਜਦੋਂ ਪਾਰਟੀ ਪਿਛਲੇ 10 ਸਾਲਾਂ ਵਿਚ ਆਪਣੀਆਂ 90% ਚੋਣਾਂ ਹਾਰ ਚੁੱਕੀ ਹੈ। ਵਿਰੋਧੀ ਧਿਰ ਦੀ ਲੀਡਰਸ਼ਿਪ ਦੀ ਚੋਣ ਲੋਕਤੰਤਰੀ ਢੰਗ ਨਾਲ ਕੀਤੀ ਜਾਵੇ”।
ਪ੍ਰਸ਼ਾਂਤ ਕਿਸ਼ੋਰ ਨੇ ਕੁਝ ਸਮਾਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਵੀ ਹਮਲਾ ਬੋਲਿਆ ਸੀ। ਉਹਨਾਂ ਕਿਹਾ ਸੀ ਕਿ ਭਾਜਪਾ 'ਕਈ ਦਹਾਕਿਆਂ ਤੱਕ' ਕਿਤੇ ਵੀ ਨਹੀਂ ਜਾਣ ਵਾਲੀ ਅਤੇ ਰਾਹੁਲ ਗਾਂਧੀ ਦੀ ਸਮੱਸਿਆ ਇਹ ਹੈ ਕਿ ਉਹਨਾਂ ਨੂੰ ਇਸ ਦਾ ਅਹਿਸਾਸ ਨਹੀਂ ਹੈ।
ਸੋਸ਼ਲ ਮੀਡੀਆ 'ਤੇ ਹਾਲ ਹੀ ਦੇ ਇਕ ਸਵਾਲ-ਜਵਾਬ ਸੈਸ਼ਨ 'ਚ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਭਾਜਪਾ ਆਉਣ ਵਾਲੇ ਸਾਲਾਂ 'ਚ ਭਾਰਤੀ ਰਾਜਨੀਤੀ ਦੇ ਕੇਂਦਰ 'ਚ ਰਹੇਗੀ, ਭਾਵੇਂ ਉਹ ਜਿੱਤੇ ਜਾਂ ਹਾਰੇ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਆਜ਼ਾਦੀ ਤੋਂ ਬਾਅਦ ਸ਼ੁਰੂਆਤੀ 40 ਸਾਲਾਂ 'ਚ ਕਾਂਗਰਸ ਸੀ। ਉਹਨਾਂ ਕਿਹਾ ਸੀ ਕਿ ਰਾਹੁਲ ਸੋਚਦੇ ਹਨ ਕਿ ਇਹ ਸਿਰਫ ਕੁਝ ਸਮੇਂ ਦੀ ਗੱਲ ਹੈ ਅਤੇ ਲੋਕ ਉਹਨਾਂ (ਭਾਜਪਾ) ਨੂੰ ਉਧੇੜ ਸੁੱਟਣਗੇ। ਅਜਿਹਾ ਨਹੀਂ ਹੋਣ ਵਾਲਾ। ਉਹਨਾਂ ਕਿਹਾ ਕਿ ਜਦੋਂ ਤੱਕ ਤੁਸੀਂ ਮੁਲਾਂਕਣ ਨਹੀਂ ਕਰਦੇ। ਤੁਸੀਂ ਉਹਨਾਂ (ਪੀਐਮ ਮੋਦੀ) ਦੀ ਤਾਕਤ ਨੂੰ ਨਹੀਂ ਸਮਝ ਸਕੋਗੇ।