ਆਖ਼ਰ ਆਧਾਰ ਐਕਟ ਸੋਧ ਬਿੱਲ 'ਤੇ ਕਿਉਂ ਉਠ ਰਹੇ ਹਨ ਸਵਾਲ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਸਭਾ ਵਿਚ ਪੇਸ਼ ਕੀਤੇ ਗਏ ਸੋਧ ਬਿੱਲ ਵਿਚ ਨਿਜੀ ਟੈਲੀਕਾਮ ਕੰਪਨੀਆਂ ਅਤੇ ਬੈਂਕਾਂ ਨੂੰ ਇਕ ਵਾਰ ਫਿਰ ਤੋਂ ਪਛਾਣ ਦੇ ਤੌਰ 'ਤੇ ਆਧਾਰ ਮੰਗਣ ਦਾ ਰਸਤਾ ਸਾਫ ਕਰ ਦਿਤਾ ਹੈ।

Aadhaar Amendment Bill

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਵੀ ਆਧਾਰ ਦੀ ਵਰਤੋਂ ਵਿਚ ਨਿਜਤਾ ਨੂੰ ਲੈ ਕੇ ਸਥਿਤੀ ਸਪਸ਼ਟ ਨਹੀਂ ਹੋ ਰਹੀ। ਸਰਕਾਰੀ ਬੈਂਕਾਂ ਤੋਂ ਲੈ ਕੇ ਨਿਜੀ ਕੰਪਨੀਆਂ ਖਪਤਕਾਰਾਂ ਤੋਂ ਸੇਵਾ ਦੇ ਬਦਲੇ ਆਧਾਰ ਦੀ ਮੰਗ ਤਾਂ ਕਰ ਹੀ ਰਹੀਆਂ ਹਨ। ਹੁਣ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਧਾਰ ਐਕਟ ਸੋਧ ਬਿੱਲ 'ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਲੋਕਸਭਾ ਵਿਚ ਪੇਸ਼ ਕੀਤੇ ਗਏ ਸੋਧ ਬਿੱਲ ਵਿਚ ਨਿਜੀ ਟੈਲੀਕਾਮ ਕੰਪਨੀਆਂ ਅਤੇ ਬੈਂਕਾਂ ਨੂੰ ਇਕ ਵਾਰ ਫਿਰ ਤੋਂ ਪਛਾਣ ਦੇ ਤੌਰ 'ਤੇ ਆਧਾਰ ਮੰਗਣ ਦਾ ਰਸਤਾ ਸਾਫ ਕਰ ਦਿਤਾ ਹੈ।

ਇਸ ਵਿਚ ਸੂਚਨਾ ਦੇ ਲੀਕ ਹੋਣ ਅਤੇ ਉਸ ਦੀ ਦੁਰਵਰਤੋਂ ਦੀ ਚਿੰਤਾਵਾਂ ਨੂੰ ਵੀ ਅਣਗੌਲਿਆ ਕਰ ਦਿਤਾ ਗਿਆ ਹੈ। ਸੰਸਦ ਤੋਂ ਲੈ ਕੇ ਬਾਹਰ ਤੱਕ ਇਸ ਬਿੱਲ ਦਾ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ। ਲੋਕਸਭਾ ਵਿਚ ਬਹਿਸ ਦਰਾਨ ਵਿਰੋਧੀ ਧਿਰ ਵੱਲੋਂ ਇਸ ਬਿੱਲ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਤ੍ਰਿਣਮੂਲ ਕਾਂਗਰਸ ਦੇ ਨੇਤਾ ਸੌਗਤ ਰਾਏ ਅਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਇਸ ਬਿੱਲ 'ਤੇ ਅਪਣਾ ਵਿਰੋਧ ਜਤਾਇਆ। ਵਿਰੋਧੀ ਧਿਰ ਨੇ ਕਿਹਾ ਕਿ ਪੇਸ਼ ਕੀਤਾ ਗਿਆ ਕਾਨੂੰਨ ਸੁਪਰੀਮ ਕੋਰਟ ਦੇ ਹੁਕਮ ਦੇ ਵਿਰੁਧ ਹੈ ਅਤੇ ਨਾਲ ਹੀ ਨਿਜਤਾ ਦੇ ਅਧਿਕਾਰ ਦੀ ਉਲੰਘਣਾ ਵੀ ਹੈ।

ਇਸ ਤੋਂ ਇਲਾਵਾ ਸਰਕਾਰ ਟੈਲੀਗ੍ਰਾਫ ਐਕਟ ਅਤੇ ਮਨੀ ਲਾਡਰਿੰਗ ਰੋਕਥਾਮ ਐਕਟ ਵਿਚ ਵੀ ਸੋਧ ਲਈ ਬਿੱਲ ਲਿਆਉਣ ਵਾਲੀ ਹੈ। ਜਿਸ ਨਾਲ ਕਿ ਮੋਬਾਈਲ ਕੰਪਨੀਆਂ ਪਛਾਣ ਦੇ ਤੌਰ 'ਤੇ ਆਧਾਰ ਦੀ ਵਰਤੋਂ ਕਰ ਸਕਣ। ਕੈਬਿਨਟ ਤੋਂ ਇਹਨਾਂ ਮਸੌਦਿਆਂ ਨੂੰ ਪਹਿਲਾਂ ਹੀ ਪ੍ਰਵਾਨਗੀ ਮਿਲ ਚੁੱਕੀ ਹੈ। ਸਰਕਾਰ ਨੇ ਇਹ ਫ਼ੈਸਲਾ ਨਿਜੀ ਕੰਪਨੀਆਂ ਦੇ ਖਪਤਕਾਰਾਂ ਦੀ ਜਾਂਚ ਲਈ ਆਧਾਰ ਦੀ ਵਰਤੋਂ 'ਤੇ

ਸੁਪਰੀਮ ਕੋਰਟ ਦੀ ਰੋਕ ਤੋਂ ਬਾਅਦ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਅਪਣੇ ਫ਼ੈਸਲੇ ਵਿਚ ਆਧਾਰ ਐਕਟ ਦੀ ਧਾਰਾ 57 ਨੂੰ ਰੱਦ ਕਰ ਦਿਤਾ ਗਿਆ ਸੀ। ਇਸ ਧਾਰਾ ਦੇ ਅਧੀਨ ਸਿਮ ਕਾਰਡ ਲੈਣ ਅਤੇ ਬੈਂਕ ਖਾਤਾ ਖੋਲ੍ਹਣ ਲਈ ਉਸ ਨੂੰ ਆਧਾਰ ਦੇ ਨਾਲ ਜੋੜਨਾ ਜ਼ਰੂਰੀ ਸੀ।