ਇਕ ਕਰੋੜ ਦੀ ਲਾਟਰੀ ਨੇ 'ਥਾਣੇ' ਪਹੁੰਚਾਇਆ ਬਜ਼ੁਰਗ, ਜਾਣੋਂ ਕਿਵੇਂ?

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਦੀ ਚਿੰਤਾ ਨੇ ਸੁਕਾਈ 'ਕਰੋੜਪਤੀ' ਦੀ ਜਾਨ

file photo

ਪੂਰਬੀ ਵਰਧਮਾਨ : ਪੱਛਮੀ ਬੰਗਾਲ ਦੇ ਪੂਰਬੀ ਵਰਧਮਾਨ ਜ਼ਿਲ੍ਹੇ ਦਾ ਰਹਿਣ ਵਾਲਾ 70 ਸਾਲਾ ਇੰਦਰ ਨਰਾਇਣ ਸੇਨ ਕਲ ਤਕ ਗੁੰਮਨਾਮ ਦੀ ਜ਼ਿੰਦਗੀ ਕੱਟ ਰਿਹਾ ਸੀ। ਪਰ ਹੁਣ ਜਦੋਂ ਉਸ ਦੀ ਇਕਦਮ ਮਸ਼ਹੂਰੀ ਹੋ ਗਈ ਹੈ ਤਾਂ ਉਸ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ।

ਦਰਅਸਲ ਉਸ ਦੀ ਇਕ ਕਰੋੜ ਦੀ ਨਿਕਲੀ ਲਾਟਰੀ ਨੇ ਉਸ ਦੀ ਹਾਲਤ 'ਸੱਪ ਦੇ ਮੂੰਹ 'ਚ ਕੋਹੜ ਕਿਰਲੀ' ਵਾਲੀ ਬਣਾ ਦਿੱਤੀ ਹੈ। ਖ਼ੁਸ਼ੀ ਤੇ ਡਰ ਕਾਰਨ ਉਸ ਦੀ ਹਾਲਤ ਪਤਲੀ ਬਣੀ ਹੋਈ ਹੈ। ਅਪਣੀ ਦੇ ਲਾਟਰੀ ਦੇ ਪੈਸਿਆਂ ਦੀ ਸੁਰੱਖਿਆ ਤੋਂ ਚਿੰਤਤ ਨਰਾਇਣ ਸੇਨ ਇਕ ਕਰੋੜ ਦੀ ਲਾਟਰੀ ਜਿੱਤਣ ਬਾਅਦ ਖੁਦ ਹੀ ਥਾਣੇ ਪਹੁੰਚ ਗਿਆ। ਕਾਲਕਾ ਥਾਣੇ ਦੇ ਇੰਸਪੈਕਟਰ ਰਾਕੇਸ਼ ਕੋਲ ਪਹੁੰਚ ਕੇ ਉਸ ਨੇ ਖੁਦ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਉਸ ਨੇ ਪੁਲਿਸ ਨੂੰ ਦਸਿਆ ਕਿ ਜਦੋਂ ਉਹ ਰਾਤੋਂ ਰਾਤ ਕਰੋੜਪਤੀ ਬਣਿਆ ਹੈ, ਉਦੋਂ ਤੋਂ ਉਹ ਘਰ ਤੋਂ ਬਾਹਰ ਜਾਣ ਤੋਂ ਵੀ ਡਰਦਾ ਹੈ। ਲਗਭਗ ਇਕ ਦਹਾਕਾ ਪਹਿਲਾ ਟਿਊਬਵੈੱਲ ਅਪਰੇਟਰ ਦੀ ਨੌਕਰੀ ਤੋਂ ਸੇਵਾਮੁਕਤ ਹੋਏ ਨਰਾਇਣ ਸੇਨ ਹੁਣ ਲਗਭਗ 10 ਹਜ਼ਾਰ ਰੁਪਏ ਪੈਨਸ਼ਨ ਨਾਲ ਗੁਜ਼ਾਰਾ ਕਰ ਰਹੇ ਸਨ। ਪਰ ਹਣ ਇਕ ਕਰੋੜ ਦੀ ਲਾਟਰੀ ਨਿਕਲਣ 'ਤੇ ਉਹ ਅਸੁਰੱਖਿਅਤ ਦੀ ਭਾਵਨਾ ਕਾਰਨ ਡਾਢੇ ਪ੍ਰੇਸ਼ਾਨ ਹਨ।

ਜਾਣਕਾਰੀ ਅਨੁਸਾਰ ਉਸ ਨੇ ਨਾਗਾਲੈਂਡ ਸਟੇਟ ਲਾਟਰੀ ਦੀਆਂ 10 ਟਿਕਟਾਂ 60 ਰੁਪਏ ਵਿਚ ਖ਼ਰੀਦੀਆਂ ਸਨ। ਹੁਣ ਲਾਟਰੀ ਨਿਕਲਣ 'ਤੇ ਉਸ ਨੂੰ ਸੁਰੱਖਿਆ ਦੀ ਚਿੰਤਾ ਸਤਾ ਰਹੀ ਹੈ ਤੇ ਉਹ ਪੁਲਿਸ ਤੋਂ ਸੁਰੱਖਿਆ ਦੀ ਮੰਗ ਕਰ ਰਹੇ ਹਨ।