ਕਿਸਾਨੀ ਮੁੱਦੇ ‘ਤੇ ਰਾਜ ਸਭਾ ‘ਚ ਹੰਗਾਮਾ, ਸੰਜੇ ਸਿੰਘ ਸਮੇਤ ਤਿੰਨ ਸੰਸਦ ਮੈਂਬਰ ਦਿਨ ਭਰ ਲਈ ਮੁਅੱਤਲ
ਕਿਸਾਨੀ ਮੁੱਦੇ ‘ਤੇ ਚਰਚਾ ਲਈ ਅੜੀਆਂ ਰਹੀਆਂ ਵਿਰੋਧੀ ਧਿਰਾਂ
ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੇ ਮੁੱਦੇ ‘ਤੇ ਅੱਜ ਫਿਰ ਰਾਜ ਸਭਾ ਵਿਚ ਭਾਰੀ ਹੰਗਾਮਾ ਹੋਇਆ। ਇਸ ਦੇ ਚਲਦਿਆਂ ਕਾਂਗਰਸ ਸੰਸਦ ਮੈਂਬਰ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੇ ਖੇਤੀ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਰਾਜ ਸਭਾ ਵਿਚ ਨੋਟਿਸ ਦਿੱਤਾ।
ਕਾਂਗਰਸ ਤੋਂ ਇਲਾਵਾ ਬਸਪਾ, ਸੀਪੀਆਈ, ਅਖਿਲ ਭਾਰਤੀ ਤ੍ਰਿਣਮੂਲ ਕਾਂਗਰਸ, ਸੀਪੀਆਈ (ਐਮ) ਨੇ ਵੀ ਕਿਸਾਨਾਂ ਦੇ ਮੁੱਦੇ ‘ਤੇ ਨੋਟਿਸ ਦਿੱਤਾ। ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਕਿਸਾਨੀ ਮੁੱਦੇ ‘ਤੇ ਚਰਚਾ ਲਈ ਅੜੀਆਂ ਰਹੀਆਂ। ਆਪ ਸੰਸਦ ਮੈਂਬਰ ਸੰਜੇ ਸਿੰਘ ਨੇ ਸਦਨ ਵਿਚ ਨਾਅਰੇਬਾਜ਼ੀ ਕੀਤੀ।
ਕਾਂਗਰਸ ਸੰਸਦ ਮੈਂਬਰ ਦਿਗਵਿਜੇ ਸਿੰਘ ਨੇ ਪੱਤਰਕਾਰਾਂ, ਸਮਾਜ ਸੇਵਕਾਂ ‘ਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦਾ ਮੁੱਦਾ ਚੁੱਕਿਆ। ਚੇਅਰਮੈਨ ਵੈਂਕਈਆ ਨਾਇਡੂ ਨੇ ਆਪ ਸੰਸਦ ਮੈਂਬਰ ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐਨ ਡੀ ਗੁਪਤਾ ਦਾ ਨਾਂਅ ਲੈ ਕੇ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਐਮ ਵੈਂਕਈਆ ਨਾਇਡੂ ਨੇ ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ਲਈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐਨ ਡੀ ਗੁਪਤਾ ਨੂੰ ਦਿਨ ਭਰ ਲਈ ਮੁਅੱਤਲ ਕਰ ਦਿੱਤਾ। ਇਸ ਤੋਂ ਬਾਅਦ ਕਿਸਾਨੀ ਮੁੱਦੇ ‘ਤੇ ਚਰਚਾ ਲਈ ਸਰਕਾਰ ਅਤੇ ਵਿਰੋਧੀ ਧਿਰਾਂ ਵਿਚ ਸਹਿਮਤੀ ਬਣੀ।