ਹੁਣ ਭਾਰਤ ਨੇ ਪਾਕਿ ਤੋਂ 'ਖ਼ਾਲਿਸਤਾਨੀਆਂ' ਦੀ ਹਵਾਲਗੀ ਮੰਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਾਹੌਰ : ਭਾਰਤ-ਪਾਕਿ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਨਵੀਂ ਦਿੱਲੀ ਨੇ ਇਸਲਾਮਾਬਾਦ ਤੋਂ 20 ਭਗੌੜਿਆਂ ਦੀ ਹਵਾਲਗੀ ਮੰਗੀ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਖ਼ਾਲਿਸਤਾਨ...

Jail
(ਏਜੰਸੀ) 

ਲਾਹੌਰ : ਭਾਰਤ-ਪਾਕਿ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਨਵੀਂ ਦਿੱਲੀ ਨੇ ਇਸਲਾਮਾਬਾਦ ਤੋਂ 20 ਭਗੌੜਿਆਂ ਦੀ ਹਵਾਲਗੀ ਮੰਗੀ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਖ਼ਾਲਿਸਤਾਨ ਹਮਾਇਤੀ ਦਸੇ ਜਾ ਰਹੇ ਹਨ। ਪਾਕਿਸਤਾਨ ਦੇ ਅਖ਼ਬਾਰ 'ਐਕਸਪ੍ਰੈਸ ਨਿਊਜ਼' ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਮਰਾਨ ਖ਼ਾਨ ਸਰਕਾਰ ਨੂੰ 20 ਭਗੌੜਿਆਂ ਦੀ ਸੂਚੀ ਸੌਂਪੀ ਗਈ ਹੈ ਜਿਸ ਵਿਚੋਂ ਜ਼ਿਆਦਾਤਰ ਖ਼ਾਲਿਸਤਾਨ ਲਹਿਰ ਨਾਲ ਜੁੜੇ ਹੋਏ ਆਗੂ ਹਨ। 
ਰਿਪੋਰਟ ਮੁਤਾਬਕ ਭਾਰਤ ਸਰਕਾਰ ਵੱਲੋਂ ਭੇਜੀ ਗਈ ਸੂਚੀ ਵਿਚ ਬੱਬਰ ਖ਼ਾਲਸਾ ਦੇ ਆਗੂ ਵਧਾਵਾ ਸਿੰਘ, ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਆਗੂ ਰਣਜੀਤ ਸਿੰਘ, ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਆਗੂ ਪਰਮਜੀਤ ਸਿੰਘ ਪੰਜਵੜ, ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਆਗੂ ਲਖਬੀਰ ਸਿੰਘ ਅਤੇ ਹੈਪੀ ਸਿੰਘ ਦੇ ਨਾਂ ਸ਼ਾਮਲ ਹਨ। ਭਾਰਤ ਵੱਲੋਂ ਪਾਕਿਸਤਾਨ 'ਤੇ ਲਗਾਤਾਰ ਖ਼ਾਲਿਸਤਾਨ ਲਹਿਰ ਨੂੰ ਸ਼ਹਿ ਦੇਣ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ ਜਦਕਿ ਪਾਕਿਸਤਾਨ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦਾ ਆਇਆ ਹੈ। ਰਿਪੋਰਟ ਕਹਿੰਦੀ ਹੈ ਕਿ ਸੂਚੀ ਵਿਚ ਸ਼ਾਮਲ ਕੋਈ ਵੀ ਸਿੱਖ ਆਗੂ ਇਸ ਵੇਲੇ ਪਾਕਿਸਤਾਨ ਦੀ ਧਰਤੀ 'ਤੇ ਮੌਜੂਦ ਹਨ। ਚੇਤੇ ਰਹੇ ਕਿ ਖ਼ਾਲਿਸਤਾਨ ਹਮਾਇਤੀਆਂ ਦੀ ਸਰਗਰਮੀ ਦਾ ਮੁੱਦਾ ਪਿਛਲੇ ਸਾਲ ਕੈਨੇਡਾ ਵਿਚ ਵੀ ਚਰਚਾ ਦਾ ਵਿਸ਼ਾ ਰਿਹਾ ਜਦੋਂ ਫ਼ੈਡਰਲ ਸਰਕਾਰ ਦੇ ਲੋਕ ਸੁਰੱਖਿਆ ਵਿਭਾਗ ਵੱਲੋਂ ਅਤਿਵਾਦ ਬਾਰੇ ਤਿਆਰ ਕੀਤੀ ਰਿਪੋਰਟ ਵਿਚ ਪਹਿਲੀ ਵਾਰ ਸਿੱਖਾਂ ਦਾ ਵੀ ਜ਼ਿਕਰ ਕੀਤਾ ਗਿਆ। ਕੈਨੇਡਾ ਵਿਚ ਸਿੱਖ ਜਥੇਬੰਦੀਆਂ ਅਤੇ ਇਥੋਂ ਤੱਕ ਕਿ ਸੱਤਾਧਾਰੀ ਲਿਬਰਲ ਸਰਕਾਰ ਦੇ ਸਿੱਖ ਪਾਰਲੀਮੈਂਟ ਮੈਂਬਰਾਂ ਵੱਲੋਂ ਰਿਪੋਰਟ ਵਿਚਲੇ ਤੱਥਾਂ 'ਤੇ ਸਖ਼ਤ ਇਤਰਾਜ਼ ਪ੍ਰਗਟਾਏ ਜਾਣ ਮਗਰੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਦਾ ਭਰੋਸਾ ਦਿਤਾ ਗਿਆ। (ਏਜੰਸੀ)