ਕਸ਼ਮੀਰ : 56 ਘੰਟੇ ਚੱਲੇ ਮੁਕਾਬਲੇ ਦੌਰਾਨ 2 ਅਤਿਵਾਦੀ ਹਲਾਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ 56 ਘੰਟੇ ਤਕ ਚੱਲੇ ਮੁਕਾਬਲੇ ਦੌਰਾਨ 2 ਅਤਿਵਾਦੀ ਮਾਰੇ ਗਏ ਜਦਕਿ ਸੀ.ਆਰ.ਪੀ.ਐਫ਼. ਦੇ ਅਫ਼ਸਰ ਸਣੇ...

Kashmir firing

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ 56 ਘੰਟੇ ਤਕ ਚੱਲੇ ਮੁਕਾਬਲੇ ਦੌਰਾਨ 2 ਅਤਿਵਾਦੀ ਮਾਰੇ ਗਏ ਜਦਕਿ ਸੀ.ਆਰ.ਪੀ.ਐਫ਼. ਦੇ ਅਫ਼ਸਰ ਸਣੇ ਪੰਜ ਜਵਾਨਾਂ ਅਤੇ ਇਕ ਆਮ ਨਾਗਰਿਕ ਦੀ ਵੀ ਮੌਤ ਹੋ ਗਈ।
ਪੁਲਿਸ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਦਸਿਆ ਕਿ ਕੁਪਵਾੜਾ ਦੇ ਬਡਗਾਮ ਇਲਾਕੇ ਵਿਚ ਭੂਗੋਲਿਕ ਹਾਲਾਤ ਕਾਰਨ ਸੁਰੱਖਿਆ ਬਲਾਂ ਨੂੰ ਮੁਸ਼ਕਲਾਂ ਦੇ ਸਾਹਮਣਾ ਕਰਨਾ ਪਿਆ। ਬੁਲਾਰੇ ਨੇ ਦਸਿਆ ਕਿ ਮੁਕਾਬਲਾ ਸ਼ੁਕਰਵਾਰ ਸਵੇਰੇ ਸ਼ੁਰੂ ਹੋਇਆ ਅਤੇ ਐਤਵਾਰ ਸਵੇਰ ਤੱਕ ਜਾਰੀ ਰਿਹਾ। ਬੁਲਾਰੇ ਨੇ ਕਿਹਾ ਕਿ ਦੋਵੇਂ ਅਤਿਵਾਦੀਆਂ ਦੀਆਂ ਲਾਸ਼ਾਂ ਮੌਕੇ ਤੋਂ ਬਰਾਮਦ ਹੋ ਗਈਆਂ। ਉਨ੍ਹਾਂ ਦਸਿਆ ਕਿ ਸੀ.ਆਰ.ਪੀ.ਐਫ਼. ਦਾ ਜਵਾਨ ਸ਼ਾਮ ਨਾਰਾਇਣ ਸਿੰਘ ਯਾਦਵ ਜੋ ਸ਼ੁਕਰਵਾਰ ਨੂੰ ਜ਼ਖ਼ਮੀ ਹੋ ਗਿਆ ਸੀ, ਨੇ ਐਤਵਾਰ ਨੂੰ ਦਮ ਤੋੜ ਦਿਤਾ। ਸੀ.ਆਰ.ਪੀ.ਐਫ਼. ਦੇ ਇੰਸਪੈਕਟਰ ਪਿੰਟੂ ਅਤੇ ਕਾਂਸਟੇਬਲ ਵਿਨੋਦ ਤੋਂ ਇਲਾਵਾ 2 ਪੁਲਿਸ ਮੁਲਾਜ਼ਮ ਸ਼ੁਕਰਵਾਰ ਨੂੰ ਹੀ ਮਾਰੇ ਗਏ ਸਨ। ਸੁਰੱਖਿਆ ਬਲਾਂ ਦੀ ਕਾਰਵਾਈ ਦੌਰਾਨ ਇਕ ਆਮ ਨਾਗਰਿਕ ਨੂੰ ਵੀ ਗੋਲੀ ਲੱਗੀ ਜਿਸ ਨੇ ਬਾਅਦ ਵਿਚ ਇਲਾਜ ਦੌਰਾਨ ਦਮ ਤੋੜ ਦਿਤਾ।
ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖ਼ੁਫ਼ੀਆ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਬਲਾਂ ਨੇ ਕੁਪਵਾੜਾ ਦੇ ਬਾਬਾਗੁੰਡ ਇਲਾਕੇ ਵਿਚ ਘੇਰਾਬੰਦੀ ਮਗਰੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਅਤਿਵਾਦੀਆਂ ਦੇ ਲੁਕਣ ਵਾਲੀ ਥਾਂ ਵਲ ਜਾਣ ਵਾਲਾ ਰਾਹ ਬਹੁਤ ਤੰਗ ਹੋਣ ਕਾਰਨ ਸਥਾਨਕ ਲੋਕਾਂ ਨੂੰ ਪਹਿਲਾਂ ਹੀ ਸੁਰੱਖਿਆ ਜਗ੍ਹਾ 'ਤੇ ਪਹੁੰਚਾ ਦਿਤਾ ਗਿਆ ਸੀ। ਬੁਲਾਰੇ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਤੋਂ ਗੋਲਾ-ਬਾਰੂਦ ਤੋਂ ਇਲਾਵਾ ਹੋਰ ਨਾਜਾਇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। ਇਲਾਕਾ ਨਿਵਾਸੀਆਂ ਨੂੰ ਮੁਕਾਬਲੇ ਵਾਲੀ ਥਾਂ ਵਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਜਿਥੇ ਧਮਾਕਾਖ਼ੇਜ਼ ਸਮੱਗਰੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
(ਪੀਟੀਆਈ)