ਕੁਪਵਾੜਾ 'ਚ ਫ਼ੌਜ ਨੇ ਕਾਬੂ ਕੀਤੇ 4 ਅਤਿਵਾਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚ ਜਿਥੇ ਅਤਿਵਾਦੀਆਂ ਵਲੋਂ ਘੁਸਪੈਠ ਕੀਤੇ ਜਾਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਉਥੇ ਹੀ ਭਾਰਤੀ ਫ਼ੌਜ ਇਨ੍ਹਾਂ ਘਟਨਾਵਾਂ ਨੂੰ ...

Army In Jammu-Kashmir

ਸ੍ਰੀਨਗਰ : ਜੰਮੂ-ਕਸ਼ਮੀਰ ਵਿਚ ਜਿਥੇ ਅਤਿਵਾਦੀਆਂ ਵਲੋਂ ਘੁਸਪੈਠ ਕੀਤੇ ਜਾਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਉਥੇ ਹੀ ਭਾਰਤੀ ਫ਼ੌਜ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ। ਇਸੇ ਚੌਕਸੀ ਦੇ ਚਲਦਿਆਂ ਫ਼ੌਜ ਨੇ ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਐਤਵਾਰ ਨੂੰ ਅੱਤਵਾਦੀ ਗਰੁੱਪ ਵਿਚ ਸ਼ਾਮਲ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਖ਼ੁਦ ਫ਼ੌਜ ਵਲੋਂ ਮੀਡੀਆ ਨੂੰ ਦਿਤੀ ਗਈ ਹੈ। ਨਿਊਜ਼ ਏਜੰਸੀ ਦੇ ਮੁਤਾਬਕ ਸੋਸ਼ਲ ਮੀਡੀਆ 'ਤੇ ਇਕ ਦਿਨ ਪਹਿਲਾਂ ਇਨ੍ਹਾਂ ਚਾਰ ਨੌਜਵਾਨਾਂ ਦੀ ਏਕੇ-47 ਰਾਈਫ਼ਲ ਨਾਲ ਇਕ ਤਸਵੀਰ ਵਾਇਰਲ ਹੋ ਗਈ ਸੀ।

41 ਨੈਸ਼ਨਲ ਰਾਈਫਲਜ਼ ਦੇ ਸੁਰੱਖਿਆ ਦਸਤਿਆਂ ਸਮੇਤ ਰਾਜ ਪੁਲਿਸ ਦੇ ਵਿਸ਼ੇਸ਼ ਅਪਰੇਸ਼ਨ ਗਰੁੱਪ ਨੇ ਜੰਗਲਾਂ ਵਿਚ ਸ਼ਨਿਚਰਵਾਰ ਨੂੰ ਇਕ ਖੋਜ ਮੁਹਿੰਮ ਸ਼ੁਰੂ ਕੀਤੀ। ਸੁਰੱਖਿਆ ਸੂਤਰਾਂ ਨੇ ਕਿਹਾ ਕਿ ਖੋਜ ਮੁਹਿੰਮ ਦੌਰਾਨ ਸਾਰੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖੋਜ ਮੁਹਿੰਮ ਅਜੇ ਵੀ ਚੱਲ ਰਹੀ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਜੂਨ ਮਹੀਨੇ ਵਿਚ ਘਾਟੀ ਦੇ ਸ਼ੋਪੀਆਂ ਜ਼ਿਲ੍ਹੇ 'ਚ ਅਤਿਵਾਦੀਆਂ ਨੇ ਫ਼ੌਜ ਦੀ ਪੈਟਰੋਲਿੰਗ ਪਾਰਟੀ 'ਤੇ ਹਮਲਾ ਕੀਤਾ ਸੀ। ਇਸ ਨਾਲ ਹੀ ਕੁਪਵਾੜਾ ਜ਼ਿਲ੍ਹੇ 'ਚ ਵੀ ਫ਼ੌਜ ਅਤੇ ਅਤਿਵਾਦੀਆਂ ਦੇ ਵਿਚਕਾਰ ਮੁਕਾਬਲਾ ਹੋਇਆ ਸੀ। ਇਥੇ ਜੰਗਲਾਂ ਵਿਚ ਚਲ ਰਹੀ ਮੁਠਭੇੜ 'ਚ ਇਕ ਅਤਿਵਾਦੀ ਢੇਰ ਕਰ ਦਿਤਾ ਗਿਆ ਸੀ। 


ਸ਼ੋਪੀਆਂ ਦੇ ਅਹਿਗਾਮ ਵਿਚ ਫ਼ੌਜ ਦੀ ਇਕ ਪੈਟਰੋਲਿੰਗ ਪਾਰਟੀ ਗਸ਼ਤ 'ਤੇ ਨਿਕਲੀ ਹੋਈ ਸੀ ਤਾਂ ਉਸ ਸਮੇਂ ਅਤਿਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕਰ ਦਿਤਾ ਸੀ। ਹਮਲੇ 'ਚ ਇਕ ਸੁਰੱਖਿਆ ਕਰਮੀ ਜ਼ਖਮੀ ਹੋ ਗਿਆ ਸੀ। ਇਲਾਕੇ ਨੂੰ ਖ਼ਾਲੀ ਕਰਵਾ ਦਿਤਾ ਗਿਆ ਸੀ। ਉਧਰ ਕੁਪਵਾੜਾ 'ਚ ਵੀ ਜੂਨ ਮਹੀਨੇ ਅਤਿਵਾਦੀਆਂ ਅਤੇ ਫ਼ੌਜ ਦੇ ਵਿਚਕਾਰ ਮੁਕਾਬਲਾ ਹੋਇਆ ਸੀ, ਜਿਸ ਵਿਚ ਇਕ ਅਤਿਵਾਦੀ ਢੇਰ ਹੋ ਗਿਆ ਸੀ। ਮੀਡੀਆ ਰਿਪੋਰਟਸ ਦੇ ਮੁਤਾਬਕ ਕੁਪਵਾੜਾ ਦੇ ਜੰਗਲਾਂ ਵਿਚ ਦੇਰ ਰਾਤ ਤੋਂ ਹੀ ਗੋਲੀਬਾਰੀ ਸ਼ੁਰੂ ਹੋ ਗਈ ਸੀ।

ਇਹ ਹਮਲਾ ਅਜਿਹੇ ਸਮੇਂ 'ਚ ਹੋਏ ਸਨ ਜਦੋਂ ਸੂਬੇ ਵਿਚ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਸੁਰੱਖਿਆ ਵਿਵਸਥਾ ਸਖ਼ਤ ਕੀਤੀ ਗਈ ਹੈ। ਦੱਸਣਾ ਚਾਹੁੰਦੇ ਹਨ ਕਿ ਕੁਪਵਾੜਾ ਵਿਚ ਕਾਫੀ ਸਮੇਂ ਤੋਂ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਫ਼ੌਜ ਨੇ 10 ਜੂਨ ਨੂੰ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੰਦੇ ਹੋਏ ਸਾਰੀਆਂ ਸਾਜਿਸ਼ਾਂ ਨੂੰ ਨਾਕਾਮ ਕੀਤਾ ਸੀ। ਉਸ ਦੌਰਾਨ 6 ਅੱਤਵਾਦੀ ਢੇਰ ਕੀਤੇ ਸਨ।