ਜਾਮਾ ਮਸਜਿਦ 'ਚ ਡਾਂਸ ਵੀਡੀਓ ਵਾਇਰਲ ਹੋਣ ਮਗਰੋਂ ਸੈਲਾਨੀਆਂ 'ਤੇ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਜਾਮਾ ਮਸਜਿਦ ਵਿਚ ਦੋ ਵਿਦੇਸ਼ੀ ਲੜਕੀਆਂ ਵਲੋਂ ਡਾਂਸ ਕੀਤੇ ਜਾਣ ਦਾ ਟਿਕ ਟਾਕ ਵੀਡੀਓ ਵਾਇਰਲ ਹੋਇਆ ਹੈ।

Jama Masjid

ਨਵੀਂ ਦਿੱਲੀ: ਟਿਕ ਟਾਕ 'ਤੇ ਵੀਡੀਓ ਬਣਾਉਣ ਦਾ ਰੁਝਾਨ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਲੋਕ ਧਾਰਮਿਕ ਅਸਥਾਨਾਂ 'ਤੇ ਜਾ ਕੇ ਵੀ ਟਿਕ ਟਾਕ ਵੀਡੀਓ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਹਾਲ ਹੀ ਵਿਚ ਦਿੱਲੀ ਦੀ ਜਾਮਾ ਮਸਜਿਦ ਵਿਚ ਦੋ ਵਿਦੇਸ਼ੀ ਲੜਕੀਆਂ ਵਲੋਂ ਡਾਂਸ ਕੀਤੇ ਜਾਣ ਦਾ ਟਿਕ ਟਾਕ ਵੀਡੀਓ ਵਾਇਰਲ ਹੋਇਆ ਹੈ ਜੋ ਜਾਮਾ ਮਸਜਿਦ ਵਿਚ ਉਸ ਅਸਥਾਨ 'ਤੇ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ ਜਿੱਥੇ ਨਮਾਜ਼ੀ ਨਮਾਜ਼ ਅਦਾ ਕਰਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਮਸਜਿਦ ਕਮੇਟੀ ਨੇ ਮਸਜਿਦ ਦੇ ਅੰਦਰ ਸੈਲਾਨੀਆਂ ਦੇ ਜਾਣ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਲਈ ਉਥੇ ਇਕ ਬੋਰਡ ਵੀ ਲਗਾ ਦਿਤਾ ਗਿਆ ਹੈ। ਇਸ ਦੇ ਕੁੱਝ ਹੋਰ ਵੀਡੀਓ ਵੀ ਸਾਹਮਣੇ ਆ ਰਹੇ ਹਨ ਜੋ ਮਸਜਿਦ ਦੇ ਵਿਹੜੇ ਵਿਚ ਫਿਲਮਾਏ ਗਏ ਹਨ। ਕੁੱਝ ਲੋਕਾਂ ਨੇ ਸੈਲਾਨੀਆਂ ਦੇ ਅੰਦਰ ਜਾਣ 'ਤੇ ਲਗਾਈ ਪਾਬੰਦੀ ਨੂੰ ਗਲਤ ਦੱਸਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਲੜਕੀਆਂ ਨੂੰ ਪਤਾ ਨਹੀਂ ਹੋਵੇਗਾ ਕਿ ਅੰਦਰ ਇਸ ਤਰ੍ਹਾਂ ਦਾ ਵੀਡੀਓ ਬਣਾਉਣਾ ਗ਼ਲਤ ਹੈ ਪਰ ਉਨ੍ਹਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਮਸਜਿਦ ਪ੍ਰਬੰਧਕਾਂ ਦੀ ਸੀ, ਜਿਸ ਵਿਚ ਉਹ ਨਾਕਾਮ ਰਹੇ।  ਦੂਜੇ ਪਾਸੇ ਬਹੁਤ ਸਾਰੇ ਲੋਕ ਇਸ ਨੂੰ ਸਹੀ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਬਾਦਤਗਾਹ ਵਿਚ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਜਾਮਾ ਮਸਜਿਦ ਦੇ ਮੇਨ ਹਾਲ ਵਿਚ ਜਾਣ ਲਈ 7 ਗੇਟ ਹਨ ਅਤੇ ਉਹਨਾਂ ਵਿਚੋਂ 6 ਗੇਟ ਸੈਲਾਨੀਆਂ ਲਈ ਬੰਦ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਚ ਵੀ ਅਨੇਕਾਂ ਟਿਕ ਟਾਕ ਵੀਡੀਓ ਸਾਹਮਣੇ ਆ ਚੁੱਕੀਆਂ ਹਨ। ਜਿਸ ਦੇ ਚਲਦਿਆਂ ਪਿਛਲੇ ਦਿਨੀਂ ਦੋ ਲੜਕਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।