ਗਿਆਨਵਾਪੀ 'ਤੇ RSS ਮੁਖੀ ਦਾ ਵੱਡਾ ਬਿਆਨ, ‘ਸੰਘ ਕੋਈ ਹੋਰ ਮੰਦਰ ਅੰਦੋਲਨ ਨਹੀਂ ਕਰੇਗਾ’
ਨਾਗਪੁਰ ਵਿਚ ਆਰਐਸਐਸ ਵਰਕਰਾਂ ਦੇ ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੋਹਨ ਭਾਗਵਤ ਨੇ ਕੁਝ ਹਿੰਦੂ ਸੰਗਠਨਾਂ ਦੀ ਨਿੰਦਾ ਕੀਤੀ।
ਨਵੀਂ ਦਿੱਲੀ: ਆਰਐਸਐਸ ਮੁਖੀ ਮੋਹਨ ਭਾਗਵਤ ਨੇ ਗਿਆਨਵਾਪੀ ਮਸਜਿਦ-ਕਾਸ਼ੀ ਵਿਸ਼ਵਨਾਥ ਮੰਦਰ ਵਿਵਾਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕੁਝ ਹਿੰਦੂ ਸੰਗਠਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਰ ਦੂਜੇ ਦਿਨ ਮਸਜਿਦ-ਮੰਦਿਰ ਵਿਵਾਦ ਖੜ੍ਹਾ ਕਰਨਾ ਅਣਉਚਿਤ ਹੈ। ਇਹਨਾਂ ਮੁੱਦਿਆਂ ਦੇ ਸੁਹਿਰਦ ਹੱਲ ਦੀ ਲੋੜ ਹੈ। ਦੋਵਾਂ ਧਿਰਾਂ ਨੂੰ ਇਕੱਠੇ ਬੈਠ ਕੇ ਸ਼ਾਂਤੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਜੇਕਰ ਲੋੜ ਹੋਵੇ ਤਾਂ ਅਦਾਲਤ ਦੇ ਫੈਸਲੇ ਨੂੰ ਸਵੀਕਾਰ ਕਰੋ। ਭਾਗਵਤ ਨੇ ਵੱਡਾ ਐਲਾਨ ਕੀਤਾ ਕਿ ਸੰਘ ਕੋਈ ਹੋਰ ਮੰਦਰ ਅੰਦੋਲਨ ਨਹੀਂ ਕਰੇਗਾ।
Mohan Bhagwat
ਨਾਗਪੁਰ ਵਿਚ ਆਰਐਸਐਸ ਵਰਕਰਾਂ ਦੇ ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੋਹਨ ਭਾਗਵਤ ਨੇ ਕੁਝ ਹਿੰਦੂ ਸੰਗਠਨਾਂ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਹਰ ਦੂਜੇ ਦਿਨ ਮਸਜਿਦ-ਮੰਦਿਰ ਦੇ ਵਿਵਾਦ 'ਤੇ ਨਫਰਤ ਫੈਲਾਉਣਾ ਅਤੇ ਵਿਵਾਦ ਪੈਦਾ ਕਰਨਾ ਸਹੀ ਨਹੀਂ ਹੈ। ਮੁਸਲਿਮ ਭਰਾਵਾਂ ਨਾਲ ਬੈਠ ਕੇ ਝਗੜਿਆਂ ਦਾ ਨਿਪਟਾਰਾ ਕਰਨਾ ਬਿਹਤਰ ਹੈ।
Gyanvapi Masjid
ਕਾਸ਼ੀ-ਗਿਆਨਵਾਪੀ ਮਸਜਿਦ ਦਾ ਜ਼ਿਕਰ ਕੀਤੇ ਬਗੈਰ ਉਹਨਾਂ ਨੇ ਮਸਜਿਦ 'ਚ ਹਾਲ ਹੀ 'ਚ ਹੋਏ ਸਰਵੇਖਣ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਹਿੰਦੂ ਜਾਂ ਮੁਸਲਮਾਨ, ਇਸ ਮੁੱਦੇ 'ਤੇ ਇਤਿਹਾਸਕ ਸੱਚਾਈ ਅਤੇ ਤੱਥਾਂ ਨੂੰ ਸਵੀਕਾਰ ਕਰੋ। ਮਥੁਰਾ ਦੀ ਸ਼ਾਹੀ ਈਦਗਾਹ ਮਸਜਿਦ ਨੂੰ ਹਟਾਉਣ ਅਤੇ ਸ਼ਾਹੀ ਈਦਗਾਹ ਦੇ ਅੰਦਰ ਕ੍ਰਿਸ਼ਨ ਦੀ ਮੂਰਤੀ ਸਥਾਪਤ ਕਰਨ ਦੀ ਮੰਗ ਵੀ ਕੀਤੀ ਗਈ। ਕੁਝ ਕੱਟੜਪੰਥੀ ਹਿੰਦੂ ਸੰਗਠਨਾਂ ਨੇ ਹੋਰ ਮਸਜਿਦਾਂ ਦੀ ਥਾਂ 'ਤੇ ਮੰਦਰਾਂ ਦੀ ਉਸਾਰੀ ਦੀ ਮੰਗ ਵੀ ਕੀਤੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਵਿਵਾਦਪੂਰਨ ਹਨ। ਉਹਨਾਂ ਨੇ ਇਹਨਾਂ ਅੰਦੋਲਨਾਂ ਨਾਲ ਆਰਐਸਐਸ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਕਿ ਰਾਮ ਮੰਦਰ ਮੁੱਦੇ ਵਿਚ ਆਰਐਸਐਸ ਸ਼ਾਮਲ ਹੈ। ਜਦੋਂਕਿ ਆਰਐਸਐਸ ਅਜਿਹੀ ਕਿਸੇ ਵੀ ਲਹਿਰ ਵਿਚ ਸ਼ਾਮਲ ਨਹੀਂ ਹੋਵੇਗੀ।
Mohan Bhagwat
ਇਹ ਦੁਹਰਾਉਂਦੇ ਹੋਏ ਕਿ ਪ੍ਰਾਚੀਨ ਭਾਰਤ ਵਿਚ ਮੁਸਲਮਾਨਾਂ ਦੇ ਪੂਰਵਜ ਹਿੰਦੂ ਸਨ ਅਤੇ ਇਕ ਵੱਖਰੀ ਧਾਰਮਿਕ ਪ੍ਰਣਾਲੀ ਦਾ ਪਾਲਣ ਕਰਦੇ ਸਨ। ਹਿੰਦੂਆਂ ਨੇ ਇਕ ਅਖੰਡ ਭਾਰਤ ਦੀ ਵੰਡ ਨੂੰ ਸਵੀਕਾਰ ਕਰ ਲਿਆ ਸੀ ਅਤੇ ਇਕ ਮੁਸਲਿਮ ਦੇਸ਼, ਪਾਕਿਸਤਾਨ ਲਈ ਰਾਹ ਪੱਧਰਾ ਕੀਤਾ ਸੀ। ਮੋਹਨ ਭਾਗਵਤ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਵੱਡੀ ਗਿਣਤੀ 'ਚ ਮੁਸਲਮਾਨ ਜੋ ਭਾਰਤ 'ਚ ਰਹਿ ਗਏ ਅਤੇ ਪਾਕਿਸਤਾਨ ਨੂੰ ਨਹੀਂ ਚੁਣਿਆ, ਉਹ ਸਾਡੇ ਭਰਾ ਹਨ।