ਇਕੱਠੀਆਂ ਚੋਣਾਂ ਕਰਵਾਉਣ ਲਈ ਖ਼ਰੀਦਣੀਆਂ ਪੈਣਗੀਆਂ 4555 ਕਰੋੜ ਦੀਆਂ ਈਵੀਐਮਜ਼ : ਕਾਨੂੰਨ ਕਮਿਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਨੂੰਨ ਕਮਿਸ਼ਨ ਨੇ ਕਿਹਾ ਹੈ ਕਿ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਅਗਾਮੀ ਚੋਣਾਂ ਇਕੱਠੀਆਂ ਕਰਵਾਈਆਂ ਜਾਣ ਦੇ ਲਈ ਨਵੀਆਂ ਈਵੀਐਮਜ਼ ਅਤੇ ...

EVMs

ਨਵੀਂ ਦਿੱਲੀ : ਕਾਨੂੰਨ ਕਮਿਸ਼ਨ ਨੇ ਕਿਹਾ ਹੈ ਕਿ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਅਗਾਮੀ ਚੋਣਾਂ ਇਕੱਠੀਆਂ ਕਰਵਾਈਆਂ ਜਾਣ ਦੇ ਲਈ ਨਵੀਆਂ ਈਵੀਐਮਜ਼ ਅਤੇ ਪੇਪਰ ਟ੍ਰੇਲ ਮਸ਼ੀਨਾਂ ਨੂੰ ਖ਼ਰੀਦਣ ਲਈ ਕਰੀਬ 4555 ਕਰੋੜ ਰੁਪਏ ਦੀ ਲੋੜ ਪਵੇਗੀ। ਇਕੱਠੀਆਂ ਚੋਣਾਂ ਕਰਵਾਏ ਜਾਣ 'ਤੇ ਪਿਛਲੇ ਹਫ਼ਤੇ ਜਾਰੀ ਅਪਣੀ ਰਿਪੋਰਟ ਵਿਚ ਕਾਨੂੰਨ ਕਮਿਸ਼ਨ ਨੇ ਚੋਣ ਕਮਿਸ਼ਨ ਦੇ ਹਵਾਲੇ ਨਾਲ ਦਸਿਆ ਕਿ 2019 ਦੀਆਂ ਆਮ ਚੋਣਾਂ ਦੇ ਲਈ ਲਗਭਗ 10,60,000 ਵੋਟਿੰਗ ਕੇਂਦਰ ਬਣਾਏ ਜਾਣਗੇ। 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਨੇ ਸੂਚਿਤ ਕੀਤਾ ਹੈ ਕਿ ਜੇਕਰ ਇਕੱਠੀਆਂ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਹੁਣ ਤਕ ਲਗਭਗ 12.9 ਲੱਖ ਵੋਟ ਪੱਤਰ ਇਕਾਈਆਂ, 9.4 ਲੱਖ ਕੰਟਰੋਲ ਇਕਾਈਆਂ ਅਤੇ ਲਗਭਗ 12.3 ਲੱਖ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀਵੀਪੈਟ) ਦੀ ਕਮੀ ਹੈ। ਇਸ ਦੇ ਅਨੁਸਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਜਿਸ ਵਿਚ ਇਕ ਕੰਟਰੋਲ ਇਕਾਈ (ਸੀਯੂ), ਇਕ ਵੋਟ ਪੱਤਰ ਇਕਾਈ (ਬੀਯੂ) ਅਤੇ ਇਕ ਵੀਵੀਪੈਟ ਹੈ, ਜਿਸ ਦੀ ਲਾਗਤ ਲਗਭਗ 33200 ਰੁਪਏ ਹੈ। 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਨੇ ਸੂਚਿਤ ਕੀਤਾ ਹੈ ਕਿ ਅਗਾਮੀ ਚੋਣ ਇਕੱਠੀ ਕਰਵਾਈ ਜਾਣ ਨਾਲ ਈਵੀਐਮ ਦੀ ਖ਼ਰੀਦ 'ਤੇ ਲਗਭਗ 4555 ਕਰੋੜ ਰੁਪਏ ਦਾ ਖ਼ਰਚ ਆਵੇਗਾ। ਕਾਨੂੰਨ ਕਮਿਸ਼ਨ ਨੇ ਕਿਹਾ ਕਿ ਈਵੀਐਮ ਮਸ਼ੀਨ 15 ਸਾਲ ਤਕ ਕੰਮ ਕਰ ਸਕਦੀ ਹੈ ਅਤੇ ਇਸੇ ਨੂੰ ਧਿਆਨ ਵਿਚ ਰੱਖ ਕੇ 2024 ਵਿਚ ਦੂਜੀ ਵਾਰ ਇਕੱਠੀਆਂ ਕਰਵਾਏ ਜਾਣ ਦੇ ਲਈ 1751.17 ਕਰੋੜ ਰੁਪਏ ਅਤੇ 2029 ਵਿਚ ਤੀਜੀ ਵਾਰ ਇਕੱਠੀਆਂ ਚੋਣਾਂ ਕਰਵਾਏ ਜਾਣ ਲਈ ਈਵੀਐਮ ਮਸ਼ੀਨਾਂ ਦੀ ਖ਼ਰੀਦ 'ਤੇ 2017.93 ਕਰੋੜ ਰੁਪਏ ਦੀ ਲੋੜ ਹੋਵੇਗੀ। 

ਇਸ ਵਿਚ ਕਿਹਾ ਗਿਆ ਹੈ ਕਿ ਇਸ ਲਈ 2034 ਵਿਚ ਪ੍ਰਸਤਾਵਤ ਇਕੱਠੀਆਂ ਚੋਣਾਂ ਲਈ ਈਵੀਐਮ ਦੀ ਖ਼ਰੀਦ ਦੇ ਲਈ 13981.58 ਕਰੋੜ ਰੁਪਏ ਦੀ ਲੋੜ ਹੋਵੇਗੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਹਰੇਕ ਵੋਟਿੰਗ ਕੇਂਦਰ ਦੇ ਲਈ ਵਾਧੂ ਈਵੀਐਮ ਅਤੇ ਵਾਧੂ ਚੋਣ ਸਮੱਗਰੀ ਤੋਂ ਇਲਾਵਾ ਵਾਧੂ ਖ਼ਰਚ ਸ਼ਾਮਲ ਨਹੀਂ ਹੋਵੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਾਧੂ ਈਵੀਐਮ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਵੋਟਿੰਗ ਕੇਂਦਰਾਂ 'ਤੇ ਵਾਧੂ ਕਰਮਚਾਰੀਆਂ ਦੀ ਲੋੜ ਵੀ ਹੋ ਸਕਦੀ ਹੈ।