ਕੈਪਟਨ ਸਰਕਾਰ ਚੋਣਾ ਤੋਂ ਪਹਿਲਾਂ ਕੀਤਾ ਵਾਅਦਾ ਪੂਰਾ ਕਰ ਕੇ ਵਿਸ਼ਵਾਸ ਬਣਾਵੇ : ਦਾਦੂਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਨਸਾਫ਼ ਮੋਰਚੇ ਦੇ ਆਗੂਆਂ ਨੇ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਉਹ ਵਿਧਾਨ ਸਭਾ ਸੈਸ਼ਨ 'ਚ ਜਨਤਕ ਕੀਤੀ ਗਈ...........

Baljeet Singh Daduwal addressing the 91st day of the Justice Morcha

ਕੋਟਕਪੂਰਾ : ਇਨਸਾਫ਼ ਮੋਰਚੇ ਦੇ ਆਗੂਆਂ ਨੇ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਉਹ ਵਿਧਾਨ ਸਭਾ ਸੈਸ਼ਨ 'ਚ ਜਨਤਕ ਕੀਤੀ ਗਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਮੁਤਾਬਕ ਦੋਸ਼ੀਆਂ ਵਿਰੁਧ ਬਣਦੀ ਕਾਰਵਾਈ ਕਰ ਕੇ ਤੁਰਤ ਜੇਲਾਂ 'ਚ ਡੱਕੇ। ਭਾਈ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ, ਅਮਰੀਕ ਸਿੰਘ ਅਜਨਾਲਾ, ਪਰਮਜੀਤ ਸਿੰਘ ਸਹੋਲੀ ਅਤੇ ਬੂਟਾ ਸਿੰਘ ਰਣਸੀਂਹ ਨੇ ਆਖਿਆ ਕਿ ਅਕਾਲੀ-ਭਾਜਪਾ ਗਠਜੋੜ ਦੇ ਮੁੱਠੀ ਕੁ ਭਰ ਵਿਧਾਇਕਾਂ ਨੂੰ ਛੱਡ ਕੇ ਬਾਕੀ ਸਾਰੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਨੇ ਵਿਧਾਨ ਸਭਾ 'ਚ ਬਹਿਸ ਦੌਰਾਨ

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੋਂ ਬਾਦਲ  ਪਿਉ-ਪੁੱਤ, ਸੁਮੇਧ ਸੈਣੀ ਸਮੇਤ ਹੋਰਨਾਂ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕੈਪਟਨ ਸਰਕਾਰ ਹੁਣ ਦੋਸ਼ੀਆਂ ਵਿਰੁਧ ਬਣਦੀ ਕਾਰਵਾਈ ਕਰਨ ਤੋਂ ਸੰਕੋਚ ਕਿਉਂ ਕਰ ਰਹੀ ਹੈ? ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਹ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਮੌਕਾ ਹੋਵੇਗਾ, ਜਦੋਂ ਵਿਧਾਇਕਾਂ ਨੇ ਮਿੰਨਤਾਂ, ਤਰਲੇ ਕਰਨ ਤੋਂ ਇਲਾਵਾ ਵਾਸਤੇ ਪਾਏ ਅਤੇ ਝੋਲੀਆਂ ਅੱਡ-ਅੱਡ ਕੇ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਪਰ ਫਿਰ ਵੀ ਦੋਸ਼ੀਆਂ ਨੂੰ ਵਿਦੇਸ਼ ਭੱਜਣ ਦਾ ਮੌਕਾ ਦੇਣਾ ਅਤੇ ਪੀੜਤ ਪਰਵਾਰਾਂ ਨੂੰ ਇਨਸਾਫ਼ ਦੇਣ 'ਚ ਦੇਰੀ ਕਰਨ ਵਾਲੀ ਗੱਲ ਸਮਝ ਤੋਂ ਬਾਹਰ ਹੈ। 

ਇਨਸਾਫ਼ ਮੋਰਚੇ ਦੇ 91ਵੇਂ ਦਿਨ ਬੁਲਾਰਿਆਂ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਾਵਨ ਸਰੂਪ ਚੋਰੀ ਕਰਨ ਵਾਲਿਆਂ, ਭੜਕਾਊ ਪੋਸਟਰ ਲਾਉਣ, ਪਾਵਨ ਸਰੂਪ ਦੀ ਬੇਹੁਰਮਤੀ, ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਗੋਲੀ ਚਲਾਉਣ ਵਾਲੇ ਦੋਸ਼ੀਆਂ ਨੂੰ ਅਜਿਹੀ ਮਿਸਾਲੀ ਸਜ਼ਾ ਦੇ ਕੇ ਚੋਣਾਂ ਤੋਂ ਪਹਿਲਾਂ ਕੀਤਾ ਵਾਅਦਾ ਪੁਗਾਵੇ ਤਾਂ ਜੋ ਭਵਿੱਖ 'ਚ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਧਾਰਮਕ ਗ੍ਰੰਥ ਦੀ ਬੇਹੁਰਮਤੀ ਕਰਨ ਦੀ ਜੁਰਅੱਤ ਨਾ ਕਰ ਸਕੇ। ਅੱਜ ਸਟੇਜ ਤੋਂ ਬੋਲਣ ਵਾਲੇ ਹਰ ਬੁਲਾਰੇ ਦੀ ਸ਼ਬਦਾਵਲੀ ਤੇ ਸੁਰ ਤਿੱਖੀ ਰਹੀ। ਸਾਰਾ ਦਿਨ ਬਾਦਲਾਂ ਅਤੇ ਹੋਰ ਪੁਲਿਸ ਅਧਿਕਾਰੀਆਂ ਦਾ ਨਾਂਅ ਲੈ-ਲੈ ਕੇ ਮੁਰਦਾਬਾਦ ਦੀ ਨਾਹਰੇਬਾਜ਼ੀ ਵੀ ਹੁੰਦੀ ਰਹੀ।

Related Stories