ਅਟਲ ਸੁਰੰਗ ਦੇ ਉਦਘਾਟਨ ਤੋਂ ਬਾਅਦ ਬੋਲੇ ਪੀਐਮ, '26 ਸਾਲ ਦਾ ਕੰਮ 6 ਸਾਲ ਵਿਚ ਪੂਰਾ ਕੀਤਾ'
ਪੀਐਮ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਹੈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਖੇ ਦੁਨੀਆਂ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਦਾ ਉਦਘਾਟਨ ਕੀਤਾ। ਅਟਲ ਸੁਰੰਗ ਦੇ ਉਦਘਾਟਨ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਹੈ। ਅੱਜ ਸਿਰਫ਼ ਅਟਲ ਜੀ ਦਾ ਹੀ ਸੁਪਨਾ ਪੂਰਾ ਨਹੀਂ ਹੋਇਆ ਬਲਕਿ ਅੱਜ ਹਿਮਾਚਲ ਪ੍ਰਦੇਸ਼ ਦੇ ਕਰੋੜਾਂ ਲੋਕਾਂ ਦਾ ਦਹਾਕਿਆਂ ਪੁਰਾਣਾ ਇੰਤਜ਼ਾਰ ਖਤਮ ਹੋਇਆ ਹੈ।
ਉਹਨਾਂ ਕਿਹਾ ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਮੈਨੂੰ ਅਟਲ ਸੁਰੰਗ ਦੇਸ਼ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਉਹ ਇਹਨਾਂ ਪਹਾੜੀਆਂ ਵਿਚ ਹੀ ਜ਼ਿਆਦਾ ਸਮਾਂ ਬਤੀਤ ਕਰਦੇ ਸਨ। ਜਦੋਂ ਅਟਲ ਜੀ ਮਨਾਲੀ ਵਿਚ ਆਉਂ ਸੀ, ਤਾਂ ਅਕਸਰ ਉਹਨਾਂ ਨਾਲ ਬੈਠਦੇ ਤੇ ਗੱਲ਼ਾਂ ਕਰਦੇ।
ਪੀਐਮ ਮੋਦੀ ਨੇ ਕਿਹਾ ਕਿ ਇਸ ਟਨਲ ਨਾਲ ਮਨਾਲੀ ਅਤੇ ਕੇਲੌਂਗ ਦੇ ਵਿਚਕਾਰ ਦੂਰੀ 3-4 ਘੰਟੇ ਘੱਟ ਹੋ ਜਾਵੇਗੀ। ਉਹਨਾਂ ਕਿਹਾ ਕਿ ਮੇਰੇ ਪਹਾੜੀ ਭਰਾ-ਭੈਣ ਸਮਝ ਸਕਦੇ ਹਨ ਕਿ ਪਹਾੜ 'ਤੇ 3-4 ਘੰਟੇ ਦੀ ਦੂਰੀ ਘੱਟ ਹੋਣ ਦਾ ਮਤਲਬ ਕੀ ਹੁੰਦਾ ਹੈ।
ਅੱਗੇ ਉਹਨਾਂ ਕਿਹਾ ਕਿ ਹਮੇਸ਼ਾਂ ਤੋਂ ਇੱਥੋਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੀ ਮੰਗ ਉਠਦੀ ਰਹੀ ਪਰ ਲੰਬੇ ਸਮੇਂ ਤੱਕ ਇਹ ਪ੍ਰਾਜੈਕਟ ਪਲਾਨਿੰਗ ਦੀ ਸਟੇਜ ਤੋਂ ਬਾਹਰ ਹੀ ਨਹੀਂ ਨਿਕਲ ਸਕੇ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਸਾਲ 2002 ਵਿਚ ਅਟਲ ਜੀ ਨੇ ਇਸ ਸੁਰੰਗ ਲਈ ਅਪ੍ਰੋਚ ਰੋਡ ਦਾ ਨੀਂਹ ਪੱਥਰ ਰੱਖਿਆ ਸੀ।
ਉਹਨਾਂ ਦੀ ਸਰਕਾਰ ਤੋਂ ਬਾਅਦ, ਇਸ ਕੰਮ ਨੂੰ ਭੁਲਾ ਦਿੱਤਾ ਗਿਆ। ਹਾਲਾਤ ਇਹ ਸੀ ਕਿ ਸਾਲ 2013-14 ਤੱਕ ਟਨਲ ਲਈ ਸਿਰਫ਼ 1300 ਮੀਟਰ ਦਾ ਕੰਮ ਹੋ ਪਾਇਆ ਸੀ। ਜੇਕਰ ਉਸੇ ਰਫ਼ਤਾਰ ਨਾਲ ਕੰਮ ਹੁੰਦਾ ਤਾਂ ਇਹ ਸੁਰੰਗ ਸਾਲ 2040 ਵਿਚ ਜਾ ਕੇ ਪੂਰੀ ਹੁੰਦੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ 6 ਸਾਲ ਵਿਚ 26 ਸਾਲ ਦਾ ਕੰਮ ਪੂਰਾ ਕੀਤਾ ਹੈ।
ਦੱਸ ਦਈਏ ਕਿ ਅਟਲ ਸੁਰੰਗ ਦਾ ਨਿਰਮਾਣ ਅਤਿਅਧੁਨਿਕ ਤਕਨੀਕ ਦੀ ਮਦਦ ਨਾਲ ਪੀਰ ਜੰਜਾਲ ਦੀਆਂ ਪਹਾੜੀਆਂ ਵਿਚ ਕੀਤਾ ਗਿਆ ਹੈ। ਇਹ ਸਮੁੰਦਰ ਤੱਟ ਨਾਲੋਂ 10,000 ਫੁੱਟ ਦੀ ਉਚਾਈ 'ਤੇ ਸਥਿਤ ਹੈ। 'ਅਟਲ ਸੁਰੰਗ' ਬਣਾਉਣ ਤੋਂ ਬਾਅਦ ਮਨਾਲੀ ਅਤੇ ਲੇਹ ਵਿਚਕਾਰ ਦੂਰੀ 46 ਕਿਲੋਮੀਟਰ ਘੱਟ ਹੋ ਗਈ ਹੈ ਅਤੇ ਦੋਵੇਂ ਸਥਾਨਾਂ ਵਿਚਕਾਰ ਸਫਰ ਦੌਰਾਨ ਲੱਗਣ ਵਾਲੇ ਸਮੇਂ ਵਿਚ ਵੀ 4 ਤੋਂ 5 ਘੰਟਿਆਂ ਦੀ ਕਮੀ ਆਵੇਗੀ।