ਗਾਜ਼ੀਆਬਾਦ ’ਚ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਦੇ ਮਾਮਲੇ ’ਚ ਤਿੰਨ ਅਧਿਕਾਰੀ ਗ੍ਰ੍ਰਿਫਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀੜਤ ਪਰਵਾਰਾਂ ਨੇ ਹਾਈਵੇ ਕੀਤਾ ਜਾਮ  

Ghaziabad accident

ਗਾਜ਼ੀਆਬਾਦ : ਗਾਜ਼ੀਆਬਾਦ ਪੁਲਿਸ ਨੇ ਸੋਮਵਾਰ ਨੂੰ ਇਥੇ ਇਕ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਦੇ ਮਾਮਲੇ ਵਿਚ ਮੁਰਾਦਨਗਰ ਨਗਰ ਪਾਲਿਕਾ ਦੇ ਤਿੰਨ ਅਧਿਕਾਰੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਹਾਦਸੇ ਵਿਚ 24 ਲੋਕਾਂ ਦੀ ਮੌਤ ਹੋ ਗਈ ਹੈ। ਪੀੜਤਾ ਦੇ ਪਰਵਾਰਕ ਜੀਆਂ ਨੇ ਦੁਖੀ ਪਰਵਾਰਾਂ ਲਈ ਜ਼ਿਆਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦੀ ਮੰਗ ਨੂੰ ਲੈ ਕੇ ਦਿੱਲੀ-ਮੇਰਠ ਰਾਜ ਮਾਰਗ ਨੂੰ ਜਾਮ ਕਰ ਦਿਤਾ। 

ਪੁਲਿਸ ਸੁਪਰਡੈਂਟ (ਦਿਹਾਤੀ) ਈਰਾਜ ਰਾਜਾ ਨੇ ਦਸਿਆ ਕਿ ਮੁਰਾਦਨਗਰ ਨਗਰ ਨਿਗਮ ਦੇ ਕਾਰਜਕਾਰੀ ਅਧਿਕਾਰੀ ਨਿਹਾਰਿਕਾ ਸਿੰਘ, ਜੂਨੀਅਰ ਇੰਜੀਨੀਅਰ ਚੰਦਰ ਪਾਲ ਅਤੇ ਸੁਪਰਵਾਈਜ਼ਰ ਅਸ਼ੀਸ਼ ਨੂੰ ਸੋਮਵਾਰ ਸਵੇਰੇ ਗਿ੍ਰਫ਼ਤਾਰ ਕੀਤਾ ਗਿਆ। ਰਾਜਾ ਨੇ ਦਸਿਆ ਕਿ ਪੁਲਿਸ ਦੀ ਟੀਮ ਠੇਕੇਦਾਰ ਅਜੇ ਤਿਆਗੀ ਨੂੰ ਗਿ੍ਰਫ਼ਤਾਰ ਕਰਨ ਲਈ ਉਸ ਦੇ ਸੰਭਾਵਤ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਮੁਰਾਦਨਗਰ ਵਿਖੇ ਐਤਵਾਰ ਨੂੰ ਇਕ ਸ਼ਮਸ਼ਾਨਘਾਟ ਵਿਚ ਛੱਤ ਡਿੱਗਣ ਨਾਲ 24 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਲੋਕ ਜ਼ਖ਼ਮੀ ਹੋ ਗਏ। ਪੀੜਤਾਂ ਵਿਚੋਂ ਜ਼ਿਆਦਾਤਰ ਲੋਕ ਇਕ ਵਿਅਕਤੀ ਦੇ ਅੰਤਮ ਸਸਕਾਰ ਲਈ ਸ਼ਮਸ਼ਾਨਘਾਟ ਆਏ ਸਨ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਹੈ। ਯੋਗੀ ਨੇ ਮਿ੍ਰਤਕਾਂ ਦੇ ਪਰਵਾਰ ਵਾਲਿਆਂ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।


ਅਧਿਕਾਰੀਆਂ ਨੇ ਦਸਿਆ ਕਿ ਸ਼ਮਸ਼ਾਨਘਾਟ ਵਿਚ ਜਿਸ ਲਾਂਘੇ ਦੀ ਛੱਤ ਡਿੱਗੀ ਹੈ, ਉਸ ਦਾ ਨਿਰਮਾਣ ਕਾਰਜ ਦੋ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ। ਇਸ ਲਾਂਘੇ ਨੂੰ ਬਣਾਉਣ ਵਿਚ ਲਗਭਗ 55 ਕਰੋੜ ਦੀ ਲਾਗਤ ਨਾਲ ਆਈ ਸੀ ਅਤੇ ਇਸ ਨੂੰ 15 ਦਿਨ ਪਹਿਲਾਂ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ। ਇਸ ਦੌਰਾਨ, ਮਿ੍ਰਤਕਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਮੁਰਾਦਨਗਰ ਥਾਣੇ ਨੇੜੇ ਸੜਕ ’ਤੇ ਦੋ ਲਾਸ਼ਾਂ ਰੱਖ ਕੇ ਦਿੱਲੀ-ਮੇਰਠ ਰਾਜ ਮਾਰਗ ’ਤੇ ਜਾਮ ਲਗਾ ਦਿਤਾ। ਇਸ ਕਾਰਨ ਸਵੇਰੇ ਅਹਿਮ ਮਾਰਗ ਉੱਤੇ ਹਜ਼ਾਰਾਂ ਵਾਹਨ ਫਸ ਗਏ।