ਸੈਨੀਟਾਈਜ਼ਰ ਦੀ ਬੋਤਲ ਸਾੜਣ ਵਕਤ ਹੋਏ ਧਮਾਕੇ 'ਚ ਜਖਮੀ ਔਰਤ ਨੇ ਦਮ ਤੋੜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੂੜੇ ਨੂੰ ਅੱਗ ਲਗਾਉਣ ਤੇ ਵਾਪਰਿਆ ਹਾਦਸਾ, ਜ਼ੇਰੇ ਇਲਾਜ ਹੋਈ ਮੌਤ

Sanitizer bottle

ਮੁੰਬਈ: ਕਰੋਨਾ ਮਹਾਮਾਰੀ ਨੇ ਬਹੁਤੀ ਸਾਰੀਆਂ ਅਜਿਹੀਆਂ ਵਸਤਾਂ ਨੂੰ ਸਾਡੀਆਂ ਰੋਜਮਰਾ ਦੀਆਂ ਜ਼ਰੂਰਤਾਂ ਦਾ ਹਿੱਸਾ ਬਣਾ ਦਿਤਾ ਹੈ, ਜਿਨ੍ਹਾਂ ਦੀ ਵਰਤੋਂ ਪਹਿਲਾਂ ਬਹੁਤ ਹੀ ਸੀਮਤ ਮੌਕਿਆਂ ਤੇ ਹੀ ਕੀਤੀ ਜਾਂਦੀ ਸੀ। ਇਸ ਵਿਚ ਮਾਸਕ ਅਤੇ ਹੈਂਡ ਸੈਨੀਟਾਈਜ਼ਰ ਸ਼ਾਮਲ ਹਨ। ਅੱਜ ਸੈਨੀਟਾਈਜ਼ਰ ਦੀ ਬੋਤਲ ਹਰ ਘਰ ਅਤੇ ਦੁਕਾਨ ‘ਤੇ ਪਈ ਮਿਲ ਜਾਂਦੀ ਹੈ। ਪਰ ਇਸ ਦੇ ਰਖ-ਰਖਾਵ ਅਤੇ ਟਿਕਾਣੇ ਲਾਉਣ ਵਿਚ ਕਿੰਨੀ ਸਾਵਧਾਨੀ ਦੀ ਜ਼ਰੂਰਤ ਹੁੰਦੀ ਹੈ, ਉਸ ਵੱਲ ਸ਼ਾਇਦ ਬਹੁਤਿਆਂ ਦੀ ਧਿਆਨ ਨਹੀਂ ਜਾਂਦਾ, ਪਰ ਛੋਟੀ ਜਿਹੀ ਅਣਗਹਿਲੀ ਵੱਡੀ ਮੁਸੀਬਤ ਖੜ੍ਹੀ ਕਰ ਸਕਦੀ ਹੈ। ਅਜਿਹਾ ਦੀ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ, ਜਿੱਥੇ ਸੈਨੇਟਾਈਜ਼ਰ ਦੀ ਬੋਤਲ ਇਕ ਔਰਤ ਦੀ ਜਾਨ ਦਾ ਖੌਅ ਬਣ ਗਈ ਹੈ।

ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ ਦੇ ਪਿੰਡ ਬੋਰਵੜੇ ਦੀ ਸੁਨੀਤਾ ਕਾਸ਼ਿਦ ਨਾਮ ਦੀ ਔਰਤ ਨੇ ਘਰ ਦਾ ਕੂੜਾ-ਕਰਕਟ ਸਾੜਨ ਲਈ ਬਾਹਰ ਇਕੱਠਾ ਕੀਤਾ ਹੋਇਆ ਸੀ। ਇਸ ਕੂੜੇ ਵਿਚ ਗ਼ਲਤੀ ਨਾਲ ਸੈਨੀਟਾਈਜ਼ਰ ਦੀ ਇਕ ਬੋਤਲ ਵੀ ਚਲੀ ਗਈ, ਜਿਸ ਉੱਤੇ ਕਿਸੇ ਦਾ ਧਿਆਨ ਨਹੀਂ ਗਿਆ।

ਜਦੋਂ ਸੁਨੀਤਾ ਨੇ ਉਸ ਕੂੜੇ ਸਾੜਨ ਲਈ ਅੱਗ ਲਾਈ, ਤਾਂ ਸੈਨੀਟਾਈਜ਼ਰ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ ਜਿਸ ਦੀ ਲਪੇਟ ਵਿਚ ਆ ਕੇ ਉਸ ਦਾ 80 ਫ਼ੀ ਸਦੀ ਸਰੀਰ ਸੜ ਗਿਆ। ਪਿਛਲੇ ਵਰ੍ਹੇ ਦੇ ਦਸੰਬਰ ਮਹੀਨੇ ਦੌਰਾਨ ਵਾਪਰੇ ਇਸ ਹਾਦਸੇ ਤੋਂ ਬਾਅਦ ਤੋਂ ਉਹ ਹਸਪਤਾਲ ’ਚ ਜ਼ੇਰੇ ਇਲਾਜ ਸੀ ਜਿੱਥੇ ਅੱਜ ਉਸ ਦੀ ਮੌਤ ਹੋ ਗਈ ਹੈ।

ਮਾਹਿਰਾਂ ਮੁਤਾਬਕ ਸੈਨੀਟਾਈਜ਼ਰ ਵਿਚ ਰਸਾਇਣ ਹੁੰਦਾ ਹੈ, ਜੋ ਅਜਿਹੀਆਂ ਘਾਤਕ ਘਟਨਾਵਾਂ ਦਾ ਕਾਰਣ ਬਣ ਸਕਦਾ ਹੈ। ਇਸੇ ਲਈ ਸੈਨੀਟਾਈਜ਼ਰ ਦੀ ਬੋਤਲ ਨੂੰ ਬਹੁਤ ਸਾਵਧਾਨੀ ਨਾਲ ਅਜਿਹੀ ਥਾਂ ਉੱਤੇ ਰੱਖਣਾ ਚਾਹੀਦਾ ਹੈ, ਜਿੱਥੇ ਉਸ ਨੂੰ ਸੇਕ ਜਾਂ ਅੱਗ ਲੱਗਣ ਦਾ ਕੋਈ ਖ਼ਤਰਾ ਨਾ ਹੋਵੇ। ਇਸੇ ਲਈ ਸੈਨੀਟਾਈਜ਼ਰ ਦੀ ਬੋਤਲ ਨੂੰ ਕਦੇ ਵੀ ਕੂੜਾਦਾਨ ’ਚ ਨਾ ਸੁੱਟੇ ਕਿਉਂਕਿ ਇਹ ਕਿਸੇ ਹੋਰ ਵਿਅਕਤੀ ਲਈ ਖ਼ਤਰੇ ਦਾ ਸਬੱਬ ਬਣ ਸਕਦੀ ਹੈ।