ਅਗਨੀਵੀਰ ਭਰਤੀ ਪ੍ਰਕਿਰਿਆ - ਹੁਣ ਪਹਿਲਾਂ ਦੇਣੀ ਪਵੇਗੀ ਆਨਲਾਈਨ ਦਾਖਲਾ ਪ੍ਰੀਖਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ੌਜ ਵੱਲੋਂ ਵੱਖ-ਵੱਖ ਅਖ਼ਬਾਰਾਂ 'ਚ ਪ੍ਰਕਿਰਿਆ 'ਚ ਬਦਲਾਅ ਸੰਬੰਧੀ ਇਸ਼ਤਿਹਾਰ ਜਾਰੀ 

Representative Image

 

ਨਵੀਂ ਦਿੱਲੀ - ਫ਼ੌਜ ਨੇ ਅਗਨੀਵੀਰ ਭਰਤੀ ਪ੍ਰਕਿਰਿਆ ‘ਚ ਬਦਲਾਅ ਦਾ ਐਲਾਨ ਕੀਤਾ ਹੈ, ਜਿਸ ਤਹਿਤ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਹੁਣ ਪਹਿਲਾਂ ਆਨਲਾਈਨ ਕਾਮਨ ਐਂਟਰੈਂਸ ਐਗਜ਼ਾਮੀਨੇਸ਼ਨ (ਸੀ.ਈ.ਈ.) ਦੇਣੀ ਪਵੇਗੀ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਫ਼ਿਜ਼ੀਕਲ ਫ਼ਿਟਨੈਸ ਟੈਸਟ ਅਤੇ ਮੈਡੀਕਲ ਜਾਂਚ ਵਿੱਚੋਂ ਗੁਜ਼ਰਨਾ ਹੋਵੇਗਾ।

ਫ਼ੌਜ ਵੱਲੋਂ ਵੱਖ-ਵੱਖ ਅਖ਼ਬਾਰਾਂ 'ਚ ਪ੍ਰਕਿਰਿਆ 'ਚ ਬਦਲਾਅ ਸੰਬੰਧੀ ਇਸ਼ਤਿਹਾਰ ਦਿੱਤੇ ਗਏ ਹਨ। ਹਾਲਾਂਕਿ, ਸੂਤਰਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਬਾਰੇ ਵਿੱਚ ਇੱਕ ਨੋਟੀਫ਼ਿਕੇਸ਼ਨ ਫਰਵਰੀ ਦੇ ਅੱਧ ਤੱਕ ਜਾਰੀ ਹੋਣ ਦੀ ਉਮੀਦ ਹੈ।

ਸੂਤਰ ਨੇ ਦੱਸਿਆ ਕਿ ਭਰਤੀ ਲਈ ਪਹਿਲਾ ਆਨਲਾਈਨ ਟੈਸਟ ਅਪ੍ਰੈਲ ਵਿੱਚ ਦੇਸ਼ ਭਰ ਵਿੱਚ ਲਗਭਗ 200 ਸਥਾਨਾਂ 'ਤੇ ਆਯੋਜਿਤ ਕੀਤੇ ਜਾਣ ਦੀ ਸੰਭਾਵਨਾ ਹੈ, ਅਤੇ ਇਸ ਲਈ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।

ਸੂਤਰ ਨੇ ਕਿਹਾ ਕਿ ਇਸ ਬਦਲਾਅ ਨਾਲ ਭਰਤੀ ਰੈਲੀਆਂ ਦੌਰਾਨ ਹੋਣ ਵਾਲੀ ਭਾਰੀ ਭੀੜ 'ਚ ਕਟੌਤੀ ਹੋਵੇਗੀ, ਅਤੇ ਭਰਤੀ ਦਾ ਪ੍ਰਬੰਧਨ ਅਤੇ ਸੰਚਾਲਨ ਆਸਾਨ ਬਣ ਸਕੇਗਾ। 

ਉਸ ਨੇ ਕਿਹਾ, "ਅਗਨੀਵੀਰ ਭਰਤੀ ਪ੍ਰਕਿਰਿਆ ਲਈ ਪਹਿਲਾਂ ਉਮੀਦਵਾਰਾਂ ਨੂੰ ਸਰੀਰਕ ਤੰਦਰੁਸਤੀ ਟੈਸਟ ਵਿੱਚੋਂ ਪਾਸ ਹੋਣਾ ਪੈਂਦਾ ਸੀ, ਉਸ ਤੋਂ ਬਾਅਦ ਡਾਕਟਰੀ ਜਾਂਚ ਅਤੇ ਸੀ.ਈ.ਈ. ਲਈ ਹਾਜ਼ਰ ਹੋਣਾ ਆਖਰੀ ਪੜਾਅ ਸੀ। ਪਰ, ਹੁਣ ਆਨਲਾਈਨ ਪ੍ਰੀਖਿਆ ਪਹਿਲਾ ਪੜਾਅ ਹੈ।"