ਅਗਨੀਵੀਰ ਯੋਜਨਾ ਲਿਆ ਕੇ ਮੋਦੀ ਸਰਕਾਰ ਨੇ ਫ਼ੌਜੀਆਂ ਨਾਲ ‘ਪਵਿੱਤਰ ਰਿਸ਼ਤਾ’ ਤੋੜ ਦਿੱਤਾ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

“ਅਸੀਂ ਕੰਨਿਆਕੁਮਾਰੀ ਤੋਂ ਭਾਰਤ ਜੋੜੋ ਯਾਤਰਾ ਹੱਥ ਵਿਚ ਤਿਰੰਗਾ ਲੈ ਕੇ ਸ਼ੁਰੂ ਕੀਤੀ ਸੀ। ਇਸ ਤਿਰੰਗੇ ਨੂੰ ਸ੍ਰੀਨਗਰ ਤਕ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ।’’  

Rahul Gandhi

 

ਬੁਰਹਾਨਪੁਰ/ਬੋਦਰਲੀ (ਮੱਧ ਪ੍ਰਦੇਸ਼) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹਥਿਆਰਬੰਦ ਬਲਾਂ ਵਿਚ ਭਰਤੀ ਲਈ ਨਵੀਂ ਅਗਨੀਵੀਰ ਯੋਜਨਾ ਨੂੰ ਲੈ ਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਫਿਰ ਹਮਲਾ ਕੀਤਾ ਹੈ। ਗਾਂਧੀ ਨੇ ਕਿਹਾ ਹੈ ਕਿ ਸਰਕਾਰ ਨੇ ਸਿਰਫ਼ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਨੌਜਵਾਨਾਂ ਨੂੰ ਉਮਰ ਭਰ ਲਈ ਬੇਰੁਜ਼ਗਾਰ ਕਰਨ ਦੀ ਸਕੀਮ ਲਿਆ ਕੇ ਫ਼ੌਜੀਆਂ ਨਾਲ ‘ਪਵਿੱਤਰ ਰਿਸ਼ਤਾ’ ਤੋੜ ਦਿਤਾ ਹੈ। ਗਾਂਧੀ ਨੇ ਬੁਧਵਾਰ ਨੂੰ ‘ਭਾਰਤ ਜੋੜੋ ਯਾਤਰਾ’ ਦੇ ਮੱਧ ਪ੍ਰਦੇਸ਼ ਵਿਚ ਦਾਖ਼ਲ ਹੋਣ ਤੋਂ ਬਾਅਦ ਇਤਿਹਾਸਕ ਬੁਰਹਾਨਪੁਰ ਸ਼ਹਿਰ ’ਚ ਆਯੋਜਤ ਇਕ ਬੈਠਕ ਵਿਚ ਇਹ ਗੱਲ ਕਹੀ।

ਅਗਨੀਵੀਰ ਸਕੀਮ ਦੇ ਸੰਦਰਭ ਵਿਚ ਉਨ੍ਹਾਂ ਕਿਹਾ, “ਪਹਿਲਾਂ ਇਹ ਹੁੰਦਾ ਸੀ ਕਿ ਸਰਕਾਰ ਫ਼ੌਜ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਦੇ ਹਿਤਾਂ ਦੀ ਰਾਖੀ ਕਰਦੀ ਸੀ ਅਤੇ ਤਿਰੰਗੇ ਝੰਡੇ ਦੀ ਰਾਖੀ ਲਈ ਸਹੁੰ ਚੁੱਕੀ ਜਾਂਦੀ ਸੀ, ਪਰ (ਅਗਨੀਵੀਰ ਸਕੀਮ ਲਿਆ ਕੇ) ਇਸ ਪਵਿੱਤਰ ਰਿਸ਼ਤ ਨੂੰ ਮੋਦੀ ਸਰਕਾਰ ਨੇ ਤੋੜ ਦਿਤਾ।’’
ਗਾਂਧੀ ਨੇ ਬੋਦਰਲੀ ਪਿੰਡ ਵਿਚ ਇੱਕ ਮੀਟਿੰਗ ਵਿਚ ਕਿਹਾ ਕਿ ਉਨ੍ਹਾਂ ਦੀ ਯਾਤਰਾ ਦੇਸ਼ ਵਿਚ ਫੈਲਾਈ ਜਾ ਰਹੀ ਨਫਰਤ, ਹਿੰਸਾ ਅਤੇ ਡਰ ਦੇ ਵਿਰੁਧ ਹੈ।

ਉਨ੍ਹਾਂ ਨੇ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮੁੱਦਿਆਂ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ, ‘ਭਾਜਪਾ ਪਹਿਲਾਂ ਨੌਜਵਾਨਾਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਦਿਲਾਂ ’ਚ ਡਰ ਫੈਲਾਉਂਦੀ ਹੈ ਅਤੇ ਜਦੋਂ ਇਹ ਡਰ ਚੰਗੀ ਤਰ੍ਹਾਂ ਫੈਲ ਜਾਂਦਾ ਹੈ ਤਾਂ ਉਹ ਇਸ ਨੂੰ ਹਿੰਸਾ ਵਿਚ ਬਦਲ ਦਿੰਦੀ ਹੈ।’’ ਉਨ੍ਹਾਂ ਭਾਜਪਾ ਨੂੰ ਇਕ ਤਰ੍ਹਾਂ ਨਾਲ ਚੁਣੌਤੀ ਦਿੰਦੇ ਹੋਏ ਕਿਹਾ, “ਅਸੀਂ ਕੰਨਿਆਕੁਮਾਰੀ ਤੋਂ ਭਾਰਤ ਜੋੜੋ ਯਾਤਰਾ ਹੱਥ ਵਿਚ ਤਿਰੰਗਾ ਲੈ ਕੇ ਸ਼ੁਰੂ ਕੀਤੀ ਸੀ। ਇਸ ਤਿਰੰਗੇ ਨੂੰ ਸ੍ਰੀਨਗਰ ਤਕ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ।’’