ਕੇਜਰੀਵਾਲ ਨੇ ਲਵਾਇਆ ਕੋਰੋਨਾ ਟੀਕਾ, ਲੋੜ ਪੈਣ 'ਤੇ ਟੀਕੇ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਅਹਿਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਟੀਕੇ ਨੂੰ ਲੈ ਕੇ ਪਹਿਲਾਂ ਲੋਕਾਂ ਦੇ ਮਨਾਂ ਵਿਚ ਦੁਚਿੱਤੀ ਸੀ, ਉਹ ਹੁਣ ਖ਼ਤਮ ਹੋ ਚੁਕੀ ਹੈ

Arvind Kejriwal

ਨਵੀਂ ਦਿੱਲੀ : ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਅਪਣੇ ਮਾਪਿਆਂ ਨਾਲ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ( ਐਲ ਐਨ ਜੇ ਪੀ) ਵਿਖੇ ਕੋਰੋਨਾ ਦਾ ਟੀਕਾ ਲਵਾਇਆ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਲਈ ਹੁਣ ਟੀਕਾ ਆ ਚੁਕਾ ਹੈ,  ਇਸ ਲਈ ਬਿਨਾਂ ਹਿਚਕ ਦੇ ਟੀਕਾ ਲਵਾਇਆ ਜਾਵੇ। 


ਉਨ੍ਹਾਂ ਕਿਹਾ, “ਅੱਜ ਮੈਂ ਅਪਣੇ ਮਾਤਾ ਪਿਤਾ ਨਾਲ ਕੋਰੋਨਾ ਦੀ ਪਹਿਲੀ ਖ਼ੁਰਾਕ ਲਈ ਹੈ। ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਈ। ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਹੁਣ ਟੀਕਾ ਆ ਚੁਕਾ ਹੈ। ਦਿੱਲੀ ਤੇ ਦੇਸ਼ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਜੋ ਲੋਕ ਟੀਕਾ ਲਵਾਉਣਾ ਚਾਹੁੰਦੇ ਹਨ, ਉਹ ਅੱਗੇ ਆ ਕੇ, ਟੀਕਾ ਜ਼ਰੂਰ ਲਵਾਉਣ। ਟੀਕੇ ਨੂੰ ਲੈ ਕੇ ਪਹਿਲਾਂ ਲੋਕਾਂ ਦੇ ਮਨਾਂ ਵਿਚ ਦੁਚਿੱਤੀ ਸੀ, ਉਹ ਹੁਣ ਖ਼ਤਮ ਹੋ ਚੁਕੀ ਹੈ। ਹੁਣ ਡਰਨ ਦੀ ਕੋਈ ਗੱਲ ਨਹੀਂ।’’

ਉਨ੍ਹਾਂ ਕਿਹਾ ਜੇ ਲੋੜ ਪਈ ਤਾਂ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਵਾਉਣ ਲਈ ਜਾਗਰੂਕਤਾ ਮੁਹਿੰਮ ਵੀ ਚਲਾਵਾਂਗੇ। ਮੁਖ ਮੰਤਰੀ ਨੇ ਅੱਜ ਟਵੀਟ ਕਰ ਕੇ ਵੀ ਕੋਰੋਨਾ ਦਾ ਟੀਕਾ ਲਵਾਉਣ ਬਾਰੇ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ।

ਉਨ੍ਹਾਂ ਦਸਿਆ ਕਿ ਐਲ ਐਨ ਜੇ ਪੀ ਹਸਪਤਾਲ ਵਿਚ ਟੀਕਾ ਲਾਉਣ ਦੇ ਸੁਚੱਜੇ ਪ੍ਰਬੰਧ ਹਨ। ਇਥੇ ਡਾਕਟਰਾਂ ਨੇ ਵਧੀਆ ਪ੍ਰਬੰਧ ਕੀਤੇ ਹੋਏ ਹਨ। ਦਿੱਲੀ ਵਿਚ ਆਉਣ ਵਾਲੇ ਦਿਨਾਂ ’ਚ ਟੀਕਾਕਰਨ ਕੇਂਦਰਾਂ ਦੀ ਤਾਦਾਦ ਵਿਚ ਜਿੰਨੀ ਲੋੜ ਹੋਵੇਗੀ, ਉਸੇ ਹਿਸਾਬ ਨਾਲ ਹੋਰ ਕੇਂਦਰ ਬਣਾਏ ਜਾਣਗੇ। ਜਿਵੇਂ ਜਿਵੇਂ ਕੇਂਦਰ ਸਰਕਾਰ ਹਦਾਇਤਾਂ ਭੇਜ ਰਹੀ ਹੈ, ਉਸੇ ਮੁਤਾਬਕ ਅਸੀਂ ਕੰੰਮ ਕਰ ਰਹੇ ਹਾਂ।