ਚੋਣ ਨਤੀਜਿਆਂ ਤੋਂ ਬਾਅਦ ਭਾਜਪਾਈ ਤੇ ਕਾਂਗਰਸੀ ਬੌਖਲਾਏ ਤੇ ਡਰੇ ਹੋਏ ਹਨ- ਅਰਵਿੰਦ ਕੇਜਰੀਵਾਲ
ਆਪ ਕਨਵੀਨਰ ਨੇ ਸੂਰਤ ਵਿਚ ਪਾਰਟੀ ਵਲੰਟੀਅਰਾਂ ਨਾਲ ਕੀਤੀ ਮੁਲਾਕਾਤ
ਸੂਰਤ: ਗੁਜਰਾਤ ਨਗਰ ਨਿਗਮ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਅਤੇ ਸੂਰਤ ਮਿਉਂਸਪਲ ਕਾਰਪੋਰੇਸ਼ਨ ਵਿਚ ਮੁੱਖ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਦੇ ਚੁਣੇ ਜਾਣ ਤੋਂ ਬਾਅਦ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੂਰਤ ਵਿਚ ਰੋਡ ਸ਼ੋਅ ਕਰਨ ਪਹੁੰਚੇ ਹਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਸੂਰਤ ਵਿਚ ਨਵੇਂ ਚੁਣੇ ਗਏ ਕਾਰਪੋਰੇਟਰ ਅਤੇ ਪਾਰਟੀ ਵਲੰਟੀਅਰਾਂ ਨਾਲ ਮੁਲਾਕਾਤ ਕੀਤੀ।
ਆਪ ਕਨਵੀਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੋਂ ਨਤੀਜੇ ਆਏ ਹਨ, ਉਦੋਂ ਤੋਂ ਭਾਜਪਾ ਅਤੇ ਕਾਂਗਰਸ ਦੇ ਲੋਕਾਂ ਦੇ ਬਿਆਨ ਸੁਣ ਰਿਹਾ ਹਾਂ। ਉਹ ਬੌਖਲਾਏ ਹੋਏ ਅਤੇ ਡਰੇ ਹੋਏ ਨਜ਼ਰ ਆਏ ਹਨ। ਕੇਜਰੀਵਾਲ ਨੇ ਕਿਹਾ ਇੱਥੇ 25 ਸਾਲ ਤੋਂ ਭਾਜਪਾ ਰਾਜ ਕਰ ਰਹੀ ਹੈ ਕਿਉਂਕਿ ਉਸ ਨੇ ਦੂਜੀਆਂ ਪਾਰਟੀਆਂ ਨੂੰ ਅਪਣੀ ਜੇਬ ਵਿਚ ਰੱਖਿਆ ਹੋਇਆ ਹੈ।
ਨਵੇਂ ਚੁਣੇ ਕਾਰਪੋਰੇਟਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸੂਰਤ ਦੀ ਜਨਤਾ ਨੇ ਤੁਹਾਨੂੰ ਵਿਰੋਧੀ ਧਿਰ ਦੀ ਭੂਮਿਕਾ ਦਿੱਤੀ ਹੈ, ਸਦਨ ਵਿਚ ਕੋਈ ਗਲਤ ਕੰਮ ਨਹੀਂ ਹੋਣ ਦੇਣਾ। ਹੁਣ ਭਾਜਪਾ ਵਾਲੇ ਕੋਈ ਗਲਤ ਕੰਮ ਨਹੀਂ ਕਰ ਸਕਣਗੇ ਕਿਉਂਕਿ ਉਹਨਾਂ ਦੇ ਵਿਰੋਧ ਵਿਚ ਆਪ ਹੈ। ਕੇਜਰੀਵਾਲ ਨੇ ਨਵੇਂ ਚੁਣੇ ਗਏ ਕਾਰਪੋਰੇਟਰਾਂ ਨੂੰ ਕਿਹਾ ਕਿ ਉਹਨਾਂ ਨੂੰ ਕਦੀ ਵੀ ਭਾਜਪਾ ਵਾਲਿਆਂ ਦਾ ਫੋਨ ਆ ਸਕਦਾ ਹੈ।
ਦੱਸ ਦਈਏ ਕਿ ਆਪ ਨੇ ਗੁਜਰਾਤ ਦੀਆਂ ਛੇ ਨਗਰ ਨਿਗਮਾਂ ਲਈ ਹੋਈਆਂ ਚੋਣਾਂ ਵਿਚ 470 ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਸੀ। ਇਸ ਦੌਰਾਨ ਪਾਰਟੀ ਨੇ ਸੂਰਤ ਵਿਚ 27 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਗੁਜਰਾਤ ਵਿਚ ਮਿਲੀ ਸਫਲਤਾ ਨੂੰ ਲੈ ਕੇ ਪਾਰਟੀ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।